ਫਿਰੋਜ਼ਪੁਰ: ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਘੱਲ ਖੁਰਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਇੰਸਪੈਕਟਰ ਬਲਦੇਵ ਸਿੰਘ ਨੂੰ ਇੱਕ ਔਡੀ ਕਾਰ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਹਨ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ 26 ਸਤੰਬਰ ਨੂੰ ਥਾਣਾ ਘੱਲ ਖੁਰਦ ਦੇ ਐਸ.ਐਚ.ਓ. ਨੂੰ ਖ਼ਾਸ ਮੁਖ਼ਬਰ ਵੱਲੋਂ ਸੂਚਨਾ ਮਿਲੀ ਸੀ ਕਿ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਇੰਸਪੈਕਟਰ ਬਲਦੇਵ ਸਿੰਘ ਆਪਣੀ ਔਡੀ-20 ਕਾਰ ਵਿੱਚ ਭਾਰੀ ਮਾਤਰਾ ਵਿੱਚ ਨਸ਼ਾ ਅਤੇ ਨਾਜਾਇਜ਼ ਹਥਿਆਰ ਲੈ ਕੇ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਨਾਕੇਬੰਦੀ ਕਰਕੇ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਲਈ।
ਤਲਾਸ਼ੀ ਦੌਰਾਨ ਪੁਲਿਸ ਨੂੰ ਗੱਡੀ ਵਿੱਚੋਂ 3 ਕਿਲੋ 350 ਗ੍ਰਾਮ ਹੈਰੋਇਨ, 6 ਪਿਸਤੌਲ, 4 ਮੈਗਜ਼ੀਨ, 17 ਜਿੰਦਾ ਕਾਰਤੂਸ ਅਤੇ 6 ਮੋਬਾਈਲ ਫ਼ੋਨ ਬਰਾਮਦ ਹੋਏ। ਪੁਲਿਸ ਨੇ ਨਸ਼ੇ ਅਤੇ ਹਥਿਆਰਾਂ ਸਮੇਤ ਮੁਲਜ਼ਮ ਦੀ ਕਾਰ ਅਤੇ ਮੋਬਾਈਲ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ।
ਮਾਮਲਾ ਦਰਜ ਅਤੇ ਅੱਗੇ ਦੀ ਕਾਰਵਾਈ ਜਾਰੀ
ਘੱਲ ਖੁਰਦ ਪੁਲਿਸ ਨੇ ਇਸ ਮਾਮਲੇ ਸਬੰਧੀ ਐੱਫ਼.ਆਈ.ਆਰ. ਨੰਬਰ 132 (ਮਿਤੀ 26 ਸਤੰਬਰ 2026) ਦਰਜ ਕਰ ਲਈ ਹੈ। ਇਹ ਮਾਮਲਾ ਐੱਨ.ਡੀ.ਪੀ.ਐੱਸ. ਐੈਕਟ ਦੀ ਧਾਰਾ 21 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25/27 ਤਹਿਤ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਇੰਸਪੈਕਟਰ ਤੋਂ ਸਖ਼ਤ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਹ ਨਸ਼ਾ ਅਤੇ ਹਥਿਆਰ ਕਿੱਥੋਂ ਲੈ ਕੇ ਆਇਆ ਸੀ ਅਤੇ ਇਸ ਅਪਰਾਧਿਕ ਨੈੱਟਵਰਕ ਵਿੱਚ ਉਸਦੇ ਨਾਲ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ। ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅੱਗੇ ਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



