ਜੀਂਦ : ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਬੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀਂਦ ਵਿਖੇ ਹੋਣ ਵਾਲੀ ਮਹਾ-ਰੈਲੀ ਦੌਰਾਨ ਆਨਲਾਈਨ (ਵਰਚੁਅਲ) ਮਾਧਿਅਮ ਰਾਹੀਂ ਹਰਿਆਣਾ ਲਈ ਕਈ ਕਰੋੜਾਂ ਰੁਪਏ ਦੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਵਿੱਚ ਸਭ ਤੋਂ ਅਹਿਮ ‘ਜੰਮੂ-ਕੱਟੜਾ ਐਕਸਪ੍ਰੈਸਵੇਅ’ ਦਾ ਹਰਿਆਣਾ ਦੇ ਹਿੱਸੇ ਆਉਂਦਾ ਰੂਟ ਹੈ, ਜਿਸ ਨੂੰ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਹਿੰਦਰਗੜ੍ਹ (ਨਾਰਨੌਲ) ਸਮੇਤ ਸੂਬੇ ਦੇ ਦੋ ਨਵੇਂ ਮੈਡੀਕਲ ਕਾਲਜਾਂ ਦਾ ਵੀ ਸ਼ਾਨਦਾਰ ਉਦਘਾਟਨ ਕੀਤਾ ਜਾਵੇਗਾ।
ਕੁਰੂਕਸ਼ੇਤਰ ਵਿੱਚ ਬਣੇਗਾ ਇਤਿਹਾਸਕ ‘ਸਿੱਖ ਮਿਊਜ਼ੀਅਮ’
ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ ਨੇ ਪ੍ਰੋਜੈਕਟਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਵਿਜ਼ਨ ਤਹਿਤ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਇੱਕ ਵਿਸ਼ਾਲ ਅਤੇ ਇਤਿਹਾਸਕ ‘ਸਿੱਖ ਮਿਊਜ਼ੀਅਮ’ (ਸਿੱਖ ਅਜਾਇਬ ਘਰ) ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਰੂਕਸ਼ੇਤਰ (ਥਾਨੇਸਰ) ਵਿੱਚ ਬਣ ਕੇ ਤਿਆਰ ਹੋਏ ਆਧੁਨਿਕ ‘ਐਲੀਵੇਟਿਡ ਰੇਲਵੇ ਟ੍ਰੈਕ’ ਦਾ ਉਦਘਾਟਨ ਵੀ ਪੀਐਮ ਮੋਦੀ ਵੱਲੋਂ ਕੀਤਾ ਜਾਵੇਗਾ। ਭਿਵਾਨੀ ਦੀ ਚੌਧਰੀ ਬੰਸੀਲਾਲ ਯੂਨੀਵਰਸਿਟੀ ਨਾਲ ਜੁੜੇ ਕਈ ਵਿਕਾਸ ਕਾਰਜਾਂ ਦਾ ਤੋਹਫ਼ਾ ਵੀ ਇਸੇ ਦਿਨ ਹਰਿਆਣਾ ਵਾਸੀਆਂ ਦੀ ਝੋਲੀ ਪਾਇਆ ਜਾਵੇਗਾ।
“ਬਿਨਾਂ ਚੋਣਾਂ ਦੇ ਵੀ ਜਨਤਾ ਵਿੱਚ ਭਾਰੀ ਉਤਸ਼ਾਹ
ਰੈਲੀ ਦੇ ਸਿਆਸੀ ਮਾਇਨਿਆਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕ੍ਰਿਸ਼ਨ ਬੇਦੀ ਨੇ ਕਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਖੇਤਰ ਵਿੱਚ ਆਉਂਦੇ ਹਨ, ਤਾਂ ਉਹ ਉਸ ਹਲਕੇ ਲਈ ਮਾਣ ਵਾਲੀ ਗੱਲ ਹੁੰਦੀ ਹੈ। ਪਾਂਡੂ ਪਿੰਡਾਰਾ ਦੀ ਇਤਿਹਾਸਕ ਧਰਤੀ ‘ਤੇ ਪੀਐਮ ਮੋਦੀ ਦਾ ਆਉਣਾ ਸਾਡੇ ਲਈ ਗੌਰਵਮਈ ਹੈ। ਉਨ੍ਹਾਂ ਕਿਹਾ ਕਿ ਸਿਆਸੀ ਮਾਇਨੇ ਉਦੋਂ ਕੱਢੇ ਜਾਂਦੇ ਹਨ ਜਦੋਂ ਚੋਣਾਂ ਦਾ ਸੀਜ਼ਨ ਹੋਵੇ, ਪਰ ਇਸ ਵੇਲੇ ਕੋਈ ਚੋਣਾਂ ਨਹੀਂ ਹਨ, ਫਿਰ ਵੀ ਜਨਤਾ ਵਿੱਚ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬੇਦੀ ਨੇ ਤਨਜ਼ ਕੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਪੂਰੇ ਦੇਸ਼ ਅੰਦਰ ਵਿਰੋਧੀ ਧਿਰ ਲਗਭਗ ਖ਼ਤਮ ਹੋ ਚੁੱਕੀ ਹੈ, ਉਹੀ ਹਾਲ ਹਰਿਆਣਾ ਵਿੱਚ ਵੀ ਕਾਂਗਰਸ ਅਤੇ ਹੋਰ ਪਾਰਟੀਆਂ ਦਾ ਹੈ।
ਹਰਿਆਣਾ ਤੋਂ ਬਾਅਦ ਹੁਣ ਪੰਜਾਬ ਫ਼ਤਿਹ ਕਰਨ ਦੀ ਤਿਆਰੀ
ਗੱਲਬਾਤ ਦੇ ਅਖੀਰ ਵਿੱਚ ਮੰਤਰੀ ਕ੍ਰਿਸ਼ਨ ਬੇਦੀ ਨੇ ਭਾਰਤੀ ਜਨਤਾ ਪਾਰਟੀ (BJP) ਦੇ ਅਗਲੇ ਸਿਆਸੀ ਰੋਡਮੈਪ ਦਾ ਇਸ਼ਾਰਾ ਕਰਦਿਆਂ ਇੱਕ ਵੱਡਾ ਬਿਆਨ ਦਿੱਤਾ। ਉਨ੍ਹਾਂ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ, “ਹਰਿਆਣਾ ਵਿੱਚ ਭਾਜਪਾ ਬੇਹੱਦ ਮਜ਼ਬੂਤ ਸਥਿਤੀ ਵਿੱਚ ਹੈ ਅਤੇ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਬਚਿਆ। ਹੁਣ ਸਾਡੀ ਪਾਰਟੀ ਦਾ ਅਗਲਾ ਮੁੱਖ ਟੀਚਾ ਗੁਆਂਢੀ ਸੂਬਾ ਪੰਜਾਬ ਹੈ, ਜਿੱਥੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੂਰੀ ਮਜ਼ਬੂਤੀ ਨਾਲ ਆਪਣਾ ਪਰਚਮ ਲਹਿਰਾਏਗੀ।”
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



