ਤੁਰਕੀ : ਤੁਰਕੀ ਵਿੱਚ ਵਾਪਰੇ ਇੱਕ ਦਰਦਨਾਕ ਜਹਾਜ਼ ਹਾਦਸੇ ਵਿੱਚ ਲੀਬੀਆ ਦੇ ਸੈਨਿਕ ਮੁਖੀ (ਮਿਲਟਰੀ ਚੀਫ) ਮੁਹੰਮਦ ਅਲੀ ਅਹਿਮਦ ਅਲ-ਹਦਾਦ ਸਮੇਤ ਅੱਠ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਲੀਬੀਆ ਦੇ ਪ੍ਰਧਾਨ ਮੰਤਰੀ ਅਬਦੁਲ-ਹਾਮਿਦ ਦਬੀਬੇ ਨੇ ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੇਸ਼ ਲਈ ਇਸ ਨੂੰ ਬਹੁਤ ਵੱਡਾ ਘਾਟਾ ਦੱਸਿਆ ਹੈ। ਇਸ ਹਾਦਸੇ ਵਿੱਚ ਜਹਾਜ਼ ‘ਚ ਸਵਾਰ ਪੰਜ ਉੱਚ ਅਧਿਕਾਰੀ ਅਤੇ ਚਾਲਕ ਦਲ ਦੇ ਤਿੰਨ ਮੈਂਬਰਾਂ ਦੀ ਜਾਨ ਚਲੀ ਗਈ।
ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਵਾਪਰਿਆ ਹਾਦਸਾ
ਜਾਣਕਾਰੀ ਮੁਤਾਬਕ ਲੀਬੀਆ ਦਾ ਵਫ਼ਦ ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਇੱਕ ਅਧਿਕਾਰਤ ਦੌਰਾ ਕਰਨ ਤੋਂ ਬਾਅਦ ਵਾਪਸ ਪਰਤ ਰਿਹਾ ਸੀ। ‘ਡਸਾਲਟ ਫਾਲਕਨ 50’ ਪ੍ਰਾਈਵੇਟ ਜੈੱਟ ਨੇ ਜਿਵੇਂ ਹੀ ਉਡਾਣ ਭਰੀ ਤਾਂ ਲਗਭਗ 40 ਮਿੰਟਾਂ ਬਾਅਦ ਹੀ ਕੰਟਰੋਲ ਰੂਮ ਨਾਲੋਂ ਇਸ ਦਾ ਸੰਪਰਕ ਟੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਖ਼ਰਾਬ ਮੌਸਮ ਕਾਰਨ ਸੰਪਰਕ ਟੁੱਟਿਆ ਅਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਅੰਕਾਰਾ ਏਅਰਪੋਰਟ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ।
ਤਕਨੀਕੀ ਖ਼ਰਾਬੀ ਬਣੀ ਹਾਦਸੇ ਦਾ ਕਾਰਨ
ਲੀਬੀਆ ਦੇ ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ ਦੇ ਹਵਾਲੇ ਨਾਲ ਦੱਸਿਆ ਹੈ ਕਿ ਜਹਾਜ਼ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ। ਮਿਲਟਰੀ ਚੀਫ ਅਲ-ਹਦਾਦ ਤੁਰਕੀ ਦੇ ਰੱਖਿਆ ਮੰਤਰੀ ਨਾਲ ਅਹਿਮ ਮੁਲਾਕਾਤ ਕਰਨ ਤੋਂ ਬਾਅਦ ਆਪਣੇ ਵਤਨ ਪਰਤ ਰਹੇ ਸਨ। ਪ੍ਰਧਾਨ ਮੰਤਰੀ ਦਬੀਬੇ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਾਰੇ ਗਏ ਅਧਿਕਾਰੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



