ਜਲੰਧਰ : ਮਸ਼ਹੂਰ ਪੰਜਾਬੀ ਰੈਪਰ ਅਤੇ ਗਾਇਕ ਹਨੀ ਸਿੰਘ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਜਲੰਧਰ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸਹਿ-ਸੰਯੋਜਕ ਅਰਵਿੰਦ ਸ਼ਰਮਾ ਨੇ ਹਨੀ ਸਿੰਘ ਦੇ ਗਾਣੇ ‘ਨਾਗਿਨ’ (Naagan) ਵਿਰੁੱਧ ਪੰਜਾਬ ਦੇ ਡੀਜੀਪੀ (DGP) ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਭਾਜਪਾ ਆਗੂ ਨੇ ਗਾਇਕ ਖ਼ਿਲਾਫ਼ ਐਫਆਈਆਰ ਦਰਜ ਕਰਨ ਅਤੇ ਇਸ ਗਾਣੇ ਨੂੰ ਯੂਟਿਊਬ ਸਮੇਤ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।
ਪੰਜਾਬੀ ਸੱਭਿਆਚਾਰ ਨੂੰ ਬਦਨਾਮ ਕਰਨ ਦੇ ਲੱਗੇ ਦੋਸ਼
ਡੀਜੀਪੀ ਨੂੰ ਭੇਜੀ ਸ਼ਿਕਾਇਤ ਵਿੱਚ ਅਰਵਿੰਦ ਸ਼ਰਮਾ ਨੇ ਦੋਸ਼ ਲਾਇਆ ਕਿ ‘Naagan’ ਗਾਣੇ ਵਿੱਚ ਬੇਹੱਦ ਅਸ਼ਲੀਲ ਡਾਂਸ ਅਤੇ ਇਤਰਾਜ਼ਯੋਗ ਦ੍ਰਿਸ਼ ਫਿਲਮਾਏ ਗਏ ਹਨ, ਜੋ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੇ ਬਿਲਕੁਲ ਉਲਟ ਹਨ। ਉਨ੍ਹਾਂ ਕਿਹਾ ਕਿ ਮਨੋਰੰਜਨ ਦੇ ਨਾਂ ‘ਤੇ ਪੰਜਾਬ ਦੀ ਅਮੀਰ ਪਛਾਣ ਨੂੰ ਦੁਨੀਆ ਭਰ ਵਿੱਚ ਬਦਨਾਮ ਕੀਤਾ ਜਾ ਰਿਹਾ ਹੈ। ਪੰਜਾਬੀ ਸੱਭਿਆਚਾਰ ਹਮੇਸ਼ਾ ਮਰਿਆਦਾ ਅਤੇ ਔਰਤਾਂ ਦੇ ਸਤਿਕਾਰ ਲਈ ਜਾਣਿਆ ਜਾਂਦਾ ਹੈ ਪਰ ਅਜਿਹੇ ਗਾਣੇ ਸਮਾਜਿਕ ਭਾਵਨਾਵਾਂ ਉੱਤੇ ਡੂੰਘਾ ਅਸਰ ਪਾ ਰਹੇ ਹਨ।
ਬੱਚਿਆਂ ‘ਤੇ ਮਾੜੇ ਪ੍ਰਭਾਵ ਦੀ ਜਤਾਈ ਚਿੰਤਾ
ਭਾਜਪਾ ਆਗੂ ਨੇ ਆਪਣੀ ਸ਼ਿਕਾਇਤ ਵਿੱਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ ਕਿ ਵੀਡੀਓ ਵਿੱਚ ਵਰਤੇ ਗਏ ਪਹਿਰਾਵੇ ਅਤੇ ਅਸ਼ਲੀਲਤਾ ਪੰਜਾਬੀ ਸੰਗੀਤ ਪਰੰਪਰਾ ਦਾ ਹਿੱਸਾ ਨਹੀਂ ਹੋ ਸਕਦੀ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਇਹ ਗਾਣਾ ਯੂਟਿਊਬ ‘ਤੇ ਬਿਨਾਂ ਕਿਸੇ ਉਮਰ ਦੀ ਪਾਬੰਦੀ (Age Restriction) ਦੇ ਚੱਲ ਰਿਹਾ ਹੈ, ਜਿਸ ਕਾਰਨ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਦੇ ਮਨਾਂ ‘ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



