ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਇਕ ਪਾਸੇ ਜਿੱਥੇ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਨਾਲ ਲੜਨ ਵਿਚ ਲੱਗਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੇ ਕੋਰੋਨਾ ਦੇ ਬਹਾਨੇ ਖਤਰਨਾਕ ਅੱਤਵਾਦੀਆਂ ਨੂੰ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਹੈ ਜਿਸ ਵਿਚ ਭਾਰਤ ਦਾ ਮਾਸਟ ਵਾਂਟੇਡ ਹਾਫ਼ਿਜ਼ ਸਈਦ ਵੀ ਸ਼ਾਮਲ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਨੇ ਫਾਈਨੈਂਸੀਅਲ ਐਕਸ਼ਨ ਟਾਸਕ ਫੋਰਸ (FATF) ਦੁਆਰਾ ਕਾਲੀ ਸੂਚੀ ਵਿਚ ਪਾਏ ਜਾਣ ਦੇ ਡਰ ਕਾਰਨ ਲਸ਼ਕਰ-ਏ-ਤੋਇਬਾ ਦੇ ਮੁੱਖੀ ਅਤੇ ਮੁੰਬਈ ਹਮਲਿਆਂ ਦੇ ਸਾਜਿਸ਼ਕਰਤਾ ਹਾਫਿਜ਼ ਸਈਦ ਸਮੇਤ ਕਈ ਹੋਰ ਅੱਤਵਾਦੀਆਂ ਨੂੰ ਜੇਲ੍ਹ ਵਿਚ ਬੰਦ ਕੀਤਾ ਸੀ ਅਤੇ ਹੁਣ ਉਹ ਕੋਰੋਨਾ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਜੇਲ੍ਹ ਦੀ ਚਾਰ ਦੁਆਰੀ ਤੋਂ ਰਿਹਾਅ ਕਰ ਦਿੱਤੇ ਗਏ ਹਨ। ਰਿਪੋਰਟਾਂ ਮੁਤਾਬਕ ਪਿਛਲੇ ਮਹੀਂਨੇ ਪਾਕਿਸਤਾਨ ਪੰਜਾਬ ਦੇ ਸੀਐਮ ਨੇ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਲਾਹੌਰ ਜੇਲ੍ਹ ਵਿਚ ਲਗਭਗ 50 ਕੈਦੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਅਤੇ ਇਸੇ ਸਥਿਤੀ ਨੇ ਪਾਕਿਸਤਾਨ ਨੂੰ ਅੱਤਵਾਦੀ ਰਿਹਾਅ ਕਰਨ ਦਾ ਚੰਗਾ ਮੌਕਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਫ਼ਿਜ਼ ਸਈਦ ਨੂੰ ਬੀਤੇ ਸ਼ਨਿਵਾਰ ਰਿਹਾਅ ਕੀਤਾ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀ ਹਾਫ਼ਿਜ਼ ਨੂੰ ਫਰਵਰੀ ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਅੱਤਵਾਦੀ ਫੰਡਿੰਗ ਦੇ ਮਾਮਲਿਆਂ ਵਿਚ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਸੀ ਜੋ ਕਿ ਹੁਣ ਜੇਲ੍ਹ ‘ਚੋਂ ਰਿਹਾਅ ਹੋਣ ਮਗਰੋਂ ਘਰ ਵਿਚ ਅਰਾਮ ਫਰਮਾ ਰਿਹਾ ਹੈ। ਇੰਨਾ ਹੀ ਨਹੀਂ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਾਕਿਸਤਾਨ ਪਿਛਲੇ ਮਹੀਨੇ ਆਪਣੀ ਅੱਤਵਾਦੀ ਨਿਗਰਾਨੀ ਸੂਚੀ ਤੋਂ ਕਰੀਬ 1800 ਅੱਤਵਾਦੀਆਂ ਦੇ ਨਾਮ ਵੀ ਹਟਾ ਚੁੱਕਿਆ ਹੈ।

