ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਨੇ ਹੁਣ ਭਾਰਤ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਬਦਲੇ ‘ਚ ਆਪਣੇ ਮੁਸਲਿਮ ਭਾਈਚਾਰੇ ਲਈ ਅਜਮੇਰ ਸ਼ਰੀਫ ਦਾ ਲਾਂਘਾ ਖੋਲ੍ਹਣ ਦੀ ਮੰਗ ਪੇਸ਼ ਕੀਤੀ ਹੈ। ਇਕ ਪਾਕਿਸਤਾਨੀ ਸਿਆਸਤਦਾਨ ਅਤੇ ਸਿੰਧ ਸੂਬੇ ਦੇ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸਈਦ ਸਰਦਾਰ ਅਲੀ ਸ਼ਾਹ ਨੇ ਆਖਿਆ ਕਿ, ਜਿਵੇਂ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘਾ ਖੋਲ ਕੇ ਦਰਬਾਰ ਸਾਹਿਬ ਦੇ ਦਰਸ਼ਨ ਦਾ ਮੌਕਾ ਪ੍ਰਦਾਨ ਕੀਤਾ ਗਿਆ, ਉਸੇ ਤਰ੍ਹਾਂ ਭਾਰਤ ਸਰਕਾਰ ਵੀ ਸਾਡੇ ਪਾਕਿਸਤਾਨੀ ਭਰਾਵਾਂ ਲਈ ਅਜਮੇਰ ਸ਼ਰੀਫ ਦਾ ਲਾਂਘਾ ਖੋਲ੍ਹਣ।
ਸਈਦ ਸਰਦਾਰ ਅਲੀ ਸ਼ਾਹ ਨੇ ਕਿਹਾ ਕਿ, ਅਜਮੇਰ ਸ਼ਰੀਫ ਸਾਡੇ ਲਈ ਵੀ ਉਨੀ ਹੀ ਪਵਿੱਤਰ ਥਾਂ ਹੈ, ਜਿੰਨਾ ਤੁਹਾਡੇ ਲਈ ਕਰਤਾਰਪੁਰ ਸਾਹਿਬ ਹੈ ਅਤੇ ਸਾਡੇ ਮੁਸਲਮਾਨ ਭਰਾਵਾਂ ਦੀ ਇਸ ਨਾਲ ਡੂੰਗੀ ਆਸਥਾ ਜੁੜੀ ਹੋਈ ਹੈ ਪਰ ਉੱਥੇ ਜਾਣ ਦੀ ਉਹਨਾਂ ਨੂੰ ਆਗਿਆ ਨਹੀਂ ਹੈ।
ਇਸ ਨਾਲ ਹੀ ਦੂਜੇ ਪਾਸੇ ਭਾਰਤੀ ਸੁਰੱਖਿਆ ਏਜੰਸੀਆਂ, ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਪਿਛੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੁਰੱਖਿਆ ਏਜੰਸੀਆਂ ਪਾਕਿਸਤਾਨ ਸਰਕਾਰ ਵਲੋਂ ਸਿੱਖਾਂ ਪ੍ਰਤੀ ਦਿਖਾਈ ਜਾ ਰਹੀ ਖੁੱਲ੍ਹਦਿਲੀ ਨੂੰ ਗੰਭੀਰ ਨਜ਼ਰ ਨਾਲ ਦੇਖ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ, ਮੁੱਖ ਮੰਤਰੀ ਪੰਜਾਬ ਪਾਕਿਸਤਾਨ ਦੀ ਇਸ ਦਰਿਆਦਿਲੀ ਨੂੰ ਇਕ ਸ਼ਾਤਿਰ ਚਾਲ ਕਰਾਰ ਦੇ ਚੁੱਕੇ ਹਨ। 550ਵੇਂ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਤੋਂ ਪਰਤੇ ਸ਼ਰਧਾਲੂਆਂ ਨੇ ਖਾਲਿਸਤਾਨ ਦੇ ਝੰਡੇ ਫੜੇ ਹੋਏ ਸਨ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਦੇਸ਼-ਵਿਦੇਸ਼ ਤੋਂ ਆਏ ਸਿੱਖਾਂ ਦੀ ਬੈਠਕ ਦਾ ਫੈਸਲਾ ਸੁਣਾਇਆ ਸੀ।


