ਜਲਾਲਾਬਾਦ: ਹਲਕਾ ਜਲਾਲਾਬਾਦ ਅਧੀਨ ਪੈਂਦੀ ਮੰਡੀ ਘੁਬਾਇਆ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਗੁੰਡਾ ਅਨਸਰਾਂ ਨੇ ਇੱਕ ਘਰ ਵਿੱਚ ਵੜ ਕੇ ਮਾਂ-ਪੁੱਤ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਕੁੱਟਮਾਰ ਕੀਤੀ, ਸਗੋਂ ਮੌਕੇ ‘ਤੇ ਹਵਾਈ ਫਾਇਰ ਕਰਕੇ ਇਲਾਕੇ ਵਿੱਚ ਡਰ ਫੈਲਾਇਆ। ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਪ੍ਰੇਮ ਸਬੰਧਾਂ ਦਾ ਮਾਮਲਾ ਬਣਿਆ ਕੁੱਟਮਾਰ ਦਾ ਕਾਰਨ
ਜਾਣਕਾਰੀ ਅਨੁਸਾਰ, ਮੰਡੀ ਘੁਬਾਇਆ ਦੇ ਰਹਿਣ ਵਾਲੇ ਅਜੇ ਨਾਮ ਦੇ ਨੌਜਵਾਨ ਦੇ ਗੁਰੂਹਰਸਹਾਏ ਇਲਾਕੇ ਦੀ ਇੱਕ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਸਨ। ਦੱਸਿਆ ਜਾ ਰਿਹਾ ਹੈ ਕਿ ਅਜੇ ਨੇ ਉਸ ਔਰਤ ਨੂੰ ਇੱਕ ਮੋਬਾਈਲ ਫੋਨ ਦਿੱਤਾ ਸੀ, ਜੋ ਬਾਅਦ ਵਿੱਚ ਕਿਸੇ ਤਕਰਾਰ ਕਾਰਨ ਉਸ ਨੇ ਵਾਪਸ ਲੈ ਲਿਆ। ਜਦੋਂ ਇਸ ਗੱਲ ਦਾ ਪਤਾ ਔਰਤ ਦੇ ਪਤੀ ਜਤਿੰਦਰ ਨੂੰ ਲੱਗਿਆ, ਤਾਂ ਉਹ ਆਪਣੀ ਪਤਨੀ ਦੀਆਂ ਕਰਤੂਤਾਂ ਦਾ ਪਤਾ ਲਗਾਉਣ ਲਈ ਅਜੇ ਕੋਲ ਪਹੁੰਚਿਆ ਅਤੇ ਮੋਬਾਈਲ ਦੀ ਮੰਗ ਕੀਤੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ।
ਘਰ ਵਿੱਚ ਵੜ ਕੇ ਕੀਤਾ ਹਮਲਾ, ਲੋਕਾਂ ਨੇ ਭੰਨੀ ਕਾਰ
ਬਹਿਸ ਤੋਂ ਬਾਅਦ ਜਤਿੰਦਰ ਆਪਣੇ ਸਾਥੀਆਂ ਸਮੇਤ ਕਾਰ ਅਤੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਅਜੇ ਦੇ ਘਰ ਪਹੁੰਚ ਗਿਆ। ਉੱਥੇ ਉਨ੍ਹਾਂ ਨੇ ਅਜੇ ਅਤੇ ਉਸਦੀ ਮਾਂ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਰੌਲਾ ਸੁਣ ਕੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਹਮਲਾਵਰਾਂ ਦੀ ਗੱਡੀ ਦੀ ਭੰਨਤੋੜ ਕਰ ਦਿੱਤੀ। ਖੁਦ ਨੂੰ ਘਿਰਿਆ ਦੇਖ ਹਮਲਾਵਰ ਉੱਥੋਂ ਫਰਾਰ ਹੋ ਗਏ, ਪਰ ਕੁਝ ਦੇਰ ਬਾਅਦ ਜਤਿੰਦਰ ਆਪਣੇ ਸਾਥੀਆਂ ਨਾਲ ਵਾਪਸ ਆਇਆ ਅਤੇ ਦਹਿਸ਼ਤ ਫੈਲਾਉਣ ਲਈ ਹਵਾਈ ਫਾਇਰ ਕੀਤੇ, ਜਿਸ ਤੋਂ ਬਾਅਦ ਉਹ ਆਪਣੀ ਨੁਕਸਾਨੀ ਗਈ ਕਾਰ ਉੱਥੋਂ ਲੈ ਗਏ।
ਜ਼ਖਮੀਆਂ ਦੀ ਹਾਲਤ ਨਾਜ਼ੁਕ, ਪੁਲਿਸ ਵੱਲੋਂ ਕਾਰਵਾਈ ਸ਼ੁਰੂ
ਹਮਲੇ ਵਿੱਚ ਜ਼ਖਮੀ ਹੋਏ ਅਜੇ ਅਤੇ ਉਸਦੀ ਮਾਂ ਨੂੰ ਤੁਰੰਤ ਜਲਾਲਾਬਾਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਹੈ। ਫਿਲਹਾਲ ਅਜੇ ਦਾ ਇਲਾਜ ਚੱਲ ਰਿਹਾ ਹੈ।
ਇਸ ਮਾਮਲੇ ਸਬੰਧੀ ਗੱਲ ਕਰਦਿਆਂ ਜਲਾਲਾਬਾਦ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਅਜੇ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



