ਸਮਰਾਲਾ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਨਾਗਰਿਕ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ ਨੂੰ ਅੱਜ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਇੱਕ ਵਿਲੱਖਣ ਅਤੇ ਭਾਵੁਕ ਤਰੀਕੇ ਨਾਲ ਲਾਗੂ ਕੀਤਾ। ਵਿਧਾਇਕ ਦਿਆਲਪੁਰਾ ਨੇ ਇਸ ਯੋਜਨਾ ਦੀ ਰਸਮੀ ਸ਼ੁਰੂਆਤ ਕਿਸੇ ਦਫ਼ਤਰ ਦੀ ਬਜਾਏ, ਮਾਛੀਵਾੜਾ ਬਲਾਕ ਦੇ ਪਿੰਡ ਭਟੀਆਂ ਦੇ ਇੱਕ ਬੇਹੱਦ ਲੋੜਵੰਦ ਅਤੇ ਪੀੜਤ ਪਰਿਵਾਰ ਦੇ ਵਿਹੜੇ ਵਿੱਚ ਜਾ ਕੇ ਕੀਤੀ।
ਦੋ ਜਵਾਨ ਪੁੱਤਰਾਂ ਦੇ ਹਾਦਸੇ ਨੇ ਪਰਿਵਾਰ ‘ਤੇ ਤੋੜਿਆ ਸੀ ਦੁੱਖਾਂ ਦਾ ਪਹਾੜ
ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਭਟੀਆਂ ਦੇ ਇੱਕ ਪਰਿਵਾਰ ਦੇ ਦੋ ਨੌਜਵਾਨ ਪੁੱਤਰ ਭਿਆਨਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀਆਂ ਦੋਵੇਂ ਬਾਹਾਂ ਕੱਟੀਆਂ ਗਈਆਂ, ਜਦਕਿ ਦੂਜੇ ਨੌਜਵਾਨ ਦਾ ਚੂਲਾ ਟੁੱਟਣ ਦੇ ਨਾਲ-ਨਾਲ ਰੀੜ੍ਹ ਦੀ ਹੱਡੀ ਦੇ ਮਣਕੇ ਦੱਬ ਗਏ ਸਨ। ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਕਮਜ਼ੋਰ ਸੀ ਅਤੇ ਰੋਟੀ ਕਮਾਉਣ ਵਾਲੇ ਦੋਵੇਂ ਪੁੱਤਰਾਂ ਦੇ ਮੰਜੇ ‘ਤੇ ਪੈ ਜਾਣ ਕਾਰਨ ਪਰਿਵਾਰ ਇਲਾਜ ਕਰਵਾਉਣ ਲਈ ਵੀ ਬੇਵੱਸ ਹੋ ਗਿਆ ਸੀ।
ਪੀੜਤਾਂ ਨੂੰ ਪਹਿਲ ਦੇ ਅਧਾਰ ‘ਤੇ ਮਿਲੇਗਾ ਯੋਜਨਾ ਦਾ ਲਾਭ
ਇਸ ਮੌਕੇ ਵਿਧਾਇਕ ਦਿਆਲਪੁਰਾ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਮੈਂਬਰ ਵੀ ਮੌਜੂਦ ਸਨ। ਵਿਧਾਇਕ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀ ਇਸ ਯੋਜਨਾ ਦਾ ਮੁੱਖ ਮਕਸਦ ਹੀ ਅਜਿਹੇ ਪਰਿਵਾਰਾਂ ਦੀ ਬਾਂਹ ਫੜਨਾ ਹੈ ਜੋ ਮਹਿੰਗੇ ਇਲਾਜ ਦਾ ਖਰਚਾ ਨਹੀਂ ਚੁੱਕ ਸਕਦੇ। ਉਨ੍ਹਾਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਸਰਕਾਰ ਦੀ ਇਸ ਲੋਕ-ਪੱਖੀ ਵਿਚਾਰਧਾਰਾ ਦਾ ਫਾਇਦਾ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਮਿਲੇ ਜੋ ਇਸ ਵਕਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।”
ਪਰਿਵਾਰ ਨੂੰ ਇਨਸਾਫ਼ ਅਤੇ ਇਲਾਜ ਦਾ ਦਿੱਤਾ ਭਰੋਸਾ
ਵਿਧਾਇਕ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਹੁਣ ਉਨ੍ਹਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਪਹਿਲਕਦਮੀ ਦੀ ਇਲਾਕੇ ਵਿੱਚ ਕਾਫ਼ੀ ਸ਼ਲਾਘਾ ਹੋ ਰਹੀ ਹੈ, ਕਿਉਂਕਿ ਸਰਕਾਰੀ ਯੋਜਨਾਵਾਂ ਦਾ ਲਾਭ ਸਿੱਧਾ ਲੋੜਵੰਦਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਦੀ ਇਹ ਇੱਕ ਵੱਡੀ ਕੋਸ਼ਿਸ਼ ਹੈ।

