ਅੰਮ੍ਰਿਤਸਰ: ਪੰਜਾਬ ਵਿੱਚ ਗੈਂਗਸਟਰਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ‘ਆਪਰੇਸ਼ਨ ਪ੍ਰਹਾਰ’ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ। ਪਿੰਡ ਟਿਮੋਵਾਲ ਦੇ ਇਲਾਕੇ ਵਿੱਚ ਹੋਏ ਇੱਕ ਤਿੱਖੇ ਮੁਕਾਬਲੇ ਦੌਰਾਨ ਪੁਲਿਸ ਨੇ ਇੱਕ ਸਾਲ ਤੋਂ ਫ਼ਰਾਰ ਚੱਲ ਰਹੇ ਖ਼ਤਰਨਾਕ ਗੈਂਗਸਟਰ ਜਸਪਾਲ ਸਿੰਘ ਉਰਫ਼ ਭੱਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਜ਼ਖ਼ਮੀ ਹੋ ਗਿਆ ਹੈ।
ਪੁਲਿਸ ‘ਤੇ ਕੀਤੀ ਤਾਬੜਤੋੜ ਫਾਇਰਿੰਗ, ਜਵਾਬੀ ਕਾਰਵਾਈ ‘ਚ ਲੱਗੀ ਗੋਲੀ
ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖ਼ਬਰ ਦੀ ਸੂਚਨਾ ਦੇ ਆਧਾਰ ‘ਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਜਦੋਂ ਪੁਲਿਸ ਨੇ ਪਿੰਡ ਟਿਮੋਵਾਲ ਨੇੜੇ ਮੁਲਜ਼ਮ ਨੂੰ ਘੇਰਿਆ, ਤਾਂ ਉਸ ਨੇ ਆਤਮ-ਸਮਰਪਣ ਕਰਨ ਦੀ ਬਜਾਏ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਆਤਮ-ਰੱਖਿਆ (ਸੈਲਫ ਡਿਫੈਂਸ) ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ। ਉਸ ਕੋਲੋਂ ਇੱਕ 30 ਬੋਰ ਦਾ ਚਾਈਨਾ ਮੇਡ ਪਿਸਤੌਲ ਅਤੇ ਚੱਲੇ ਹੋਏ ਕਾਰਤੂਸਾਂ ਦੇ ਖੋਲ ਬਰਾਮਦ ਹੋਏ ਹਨ।
ਕਪੂਰਥਲਾ ਦੇ ਲਖਵਿੰਦਰ ਕਤਲ ਕਾਂਡ ਦਾ ਸੀ ਮੁੱਖ ਦੋਸ਼ੀ
ਫੜਿਆ ਗਿਆ ਮੁਲਜ਼ਮ ਜਸਪਾਲ ਸਿੰਘ ਉਰਫ਼ ਭੱਟੀ, ਜੋ ਕਿ ਹੁਸ਼ਿਆਰਪੁਰ ਦੇ ਪਿੰਡ ਪੱਟੀ ਦਾ ਰਹਿਣ ਵਾਲਾ ਹੈ, ਪਿਛਲੇ ਇੱਕ ਸਾਲ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਉਸ ‘ਤੇ ਜਨਵਰੀ ਮਹੀਨੇ ਵਿੱਚ ਕਪੂਰਥਲਾ ਦੇ ਥਾਣਾ ਕੋਤਵਾਲੀ ਖੇਤਰ ਵਿੱਚ ਲਖਵਿੰਦਰ ਸਿੰਘ ਨਾਮਕ ਵਿਅਕਤੀ ਦਾ ਕਤਲ ਕਰਨ ਦਾ ਸੰਗੀਨ ਇਲਜ਼ਾਮ ਹੈ। ਪੁਲਿਸ ਨੂੰ ਕਾਫ਼ੀ ਸਮੇਂ ਤੋਂ ਇਸ ਦੀ ਸਰਗਰਮੀ ਨਾਲ ਤਲਾਸ਼ ਸੀ।
“ਗੈਂਗਸਟਰਵਾਦ ਮੁਕਤ ਪੰਜਾਬ ਲਈ ਪੁਲਿਸ ਵਚਨਬੱਧ” – DIG ਸੰਦੀਪ ਗੋਇਲ
ਡੀਆਈਜੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਅਤੇ ਮੋਟੀਵੇਟਡ ਹੈ। ਉਨ੍ਹਾਂ ਕਿਹਾ ਕਿ ਪੁਲਿਸ ਬੇਲੋੜੀ ਤਾਕਤ ਦੀ ਵਰਤੋਂ ਨਹੀਂ ਕਰਦੀ, ਪਰ ਅਪਰਾਧੀਆਂ ਵੱਲੋਂ ਹਮਲਾ ਕਰਨ ‘ਤੇ ਸਖ਼ਤ ਜਵਾਬ ਦਿੱਤਾ ਜਾਂਦਾ ਹੈ। ਫਿਲਹਾਲ ਮੁਲਜ਼ਮ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਐਫ.ਐਸ.ਐਲ. (FSL) ਦੀ ਟੀਮ ਵੱਲੋਂ ਘਟਨਾ ਸਥਾਨ ਦੀ ਵਿਗਿਆਨਿਕ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੇ ਅਪਰਾਧਿਕ ਨੈੱਟਵਰਕ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

