ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਕਸਬੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ, ਜਿੱਥੇ ਬੀਤੀ ਰਾਤ ਮੇਨ ਬਾਜ਼ਾਰ ਵਿੱਚ ਬੀ.ਡੀ.ਪੀ.ਓ. (BDPO) ਦਫ਼ਤਰ ਦੇ ਬਿਲਕੁਲ ਨੇੜੇ ਸਥਿਤ ਕਰਿਆਨੇ ਦੀਆਂ ਦੋ ਪ੍ਰਮੁੱਖ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਖਾਲਸਾ ਅਤੇ ਪਨਸੋਤਰਾ ਕਰਿਆਨੇ ਦੀਆਂ ਦੁਕਾਨਾਂ ਬਣੀਆਂ ਨਿਸ਼ਾਨਾ
ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਰਾਤ ਦੇ ਸਮੇਂ ‘ਖਾਲਸਾ ਕਰਿਆਨਾ ਸਟੋਰ’ ਅਤੇ ‘ਪਨਸੋਤਰਾ ਕਰਿਆਨਾ ਸਟੋਰ’ ਨੂੰ ਆਪਣਾ ਨਿਸ਼ਾਨਾ ਬਣਾਇਆ। ਦੁਕਾਨਦਾਰਾਂ ਨੇ ਦੱਸਿਆ ਕਿ ਚੋਰਾਂ ਨੇ ਦੁਕਾਨਾਂ ਦੇ ਸ਼ਟਰਾਂ ਦੇ ਤਾਲੇ ਤੋੜ ਕੇ ਅੰਦਰ ਪ੍ਰਵੇਸ਼ ਕੀਤਾ ਅਤੇ ਸਾਮਾਨ ਖਿਲਾਰ ਦਿੱਤਾ। ਚੋਰ ਗੱਲਿਆਂ ਵਿੱਚ ਪਈ ਨਗਦੀ ਦੇ ਨਾਲ-ਨਾਲ ਰੋਜ਼ਾਨਾ ਵਰਤੋਂ ਦਾ ਕੀਮਤੀ ਕਰਿਆਨੇ ਦਾ ਸਾਮਾਨ ਵੀ ਆਪਣੇ ਨਾਲ ਲੈ ਗਏ।
ਨਕਦੀ ਅਤੇ ਦੇਸੀ ਘਿਓ ਦੀ ਚੋਰੀ
ਪੀੜਤ ਦੁਕਾਨਦਾਰਾਂ ਵੱਲੋਂ ਦਿੱਤੇ ਗਏ ਵੇਰਵਿਆਂ ਮੁਤਾਬਕ, ਇੱਕ ਦੁਕਾਨ ਤੋਂ ਕਰੀਬ 15 ਤੋਂ 20 ਹਜ਼ਾਰ ਰੁਪਏ ਨਕਦ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋਇਆ ਹੈ। ਇਸ ਦੇ ਨਾਲ ਹੀ ਦੂਜੇ ਦੁਕਾਨਦਾਰ ਦਾ ਵੀ 15 ਤੋਂ 20 ਹਜ਼ਾਰ ਰੁਪਏ ਦੀ ਨਕਦੀ ਸਮੇਤ 10 ਕਿਲੋ ਦੇਸੀ ਘਿਓ ਦੇ ਡੱਬੇ ਅਤੇ ਹੋਰ ਕਰਿਆਨੇ ਦਾ ਸਾਮਾਨ ਚੋਰੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ
ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਇੱਕ ਦੁਕਾਨ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਚੋਰ ਦੀ ਸਾਰੀ ਹਰਕਤ ਅਤੇ ਦੁਕਾਨ ਦੇ ਅੰਦਰ ਚੋਰੀ ਕਰਦਿਆਂ ਦੀ ਫੁਟੇਜ ਕੈਦ ਹੋ ਗਈ ਹੈ। ਵੀਡੀਓ ਵਿੱਚ ਚੋਰ ਸਾਫ਼ ਤੌਰ ‘ਤੇ ਦੁਕਾਨ ਦੇ ਅੰਦਰੋਂ ਸਾਮਾਨ ਅਤੇ ਨਗਦੀ ਫਰੋਲਦਾ ਦਿਖਾਈ ਦੇ ਰਿਹਾ ਹੈ, ਜੋ ਪੁਲਿਸ ਲਈ ਜਾਂਚ ਦਾ ਮੁੱਖ ਆਧਾਰ ਬਣਿਆ ਹੈ।
ਪੁਲਿਸ ਪ੍ਰਸ਼ਾਸਨ ਦੀ ਕਾਰਵਾਈ
ਘਟਨਾ ਦੀ ਸੂਚਨਾ ਮਿਲਦਿਆਂ ਹੀ ਕਲਾਨੌਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੁਕਾਨਦਾਰਾਂ ਤੋਂ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਦੁਕਾਨਾਂ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



