ਚੰਡੀਗੜ੍ਹ : ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੇਲੇ ਤੋਂ ਬਾਅਦ ਦੇਰ ਰਾਤ 12:15 ਵਜੇ ਦੇ ਕਰੀਬ ਇੱਕ ਦਰਦਨਾਕ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਹਮਲਾਵਰਾਂ ਵੱਲੋਂ ਇੱਕ 21 ਸਾਲਾ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਜਾ ਸਿੰਘ ਪੁੱਤਰ ਸਰਬਜੀਤ ਸਿੰਘ, ਵਾਸੀ ਪਿੰਡ ਮੁਗਲਾਣੀ (ਜ਼ਿਲ੍ਹਾ ਤਰਨਤਾਰਨ) ਵਜੋਂ ਹੋਈ ਹੈ।
ਮੇਲੇ ‘ਚ ਸ਼ਾਮਲ ਹੋਣ ਆਇਆ ਸੀ ਮ੍ਰਿਤਕ
ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੇ ਤਿੰਨ ਲੜਕੇ ਅਤੇ ਦੋ ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ ਲੜਕਾ ਰਾਜਾ ਸਿੰਘ ਸੀ। ਰਾਜਾ ਸਿੰਘ ਨੇ ਅੰਮ੍ਰਿਤ ਛੱਕ ਕੇ ਨਿਹੰਗ ਸਿੰਘ ਦਾ ਬਾਣਾ ਧਾਰਨ ਕੀਤਾ ਹੋਇਆ ਸੀ। ਉਹ 27 ਅਗਸਤ ਨੂੰ ਆਪਣੇ ਮੋਟਰਸਾਈਕਲ ‘ਤੇ ਬਾਬਾ ਬਕਾਲਾ ਸਾਹਿਬ ਵਿਖੇ ਲੱਗੇ ਰੱਖੜ ਪੁੰਨਿਆ ਦੇ ਮੇਲੇ ‘ਚ ਸ਼ਾਮਲ ਹੋਣ ਲਈ ਆਇਆ ਸੀ।
ਗੁਰਦੁਆਰਾ ਸਾਹਿਬ ਦੀ ਨਵੀਂ ਪਾਰਕਿੰਗ ਨੇੜੇ ਹੋਇਆ ਹਮਲਾ
ਪ੍ਰਾਪਤ ਜਾਣਕਾਰੀ ਅਨੁਸਾਰ, ਰਾਤੀਂ ਕਰੀਬ 12:15 ਵਜੇ ਜਦੋਂ ਰਾਜਾ ਸਿੰਘ ਗੁਰਦੁਆਰਾ ਸਾਹਿਬ ਤੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵੱਲ ਜਾ ਰਿਹਾ ਸੀ, ਤਾਂ ਨਵੀਂ ਬਣ ਰਹੀ ਪਾਰਕਿੰਗ ਤੋਂ ਥੋੜ੍ਹਾ ਅੱਗੇ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਵਿੱਚੋਂ ਇੱਕ ਕੋਲ ਪਿਸਤੌਲ ਸੀ, ਜਿਸ ਨੇ ਰਾਜਾ ਸਿੰਘ ‘ਤੇ ਦੋ ਫਾਇਰ ਕਰ ਦਿੱਤੇ। ਗੋਲੀਆਂ ਲੱਗਣ ਕਾਰਨ ਰਾਜਾ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਕਾਰਵਾਈ ਅਤੇ ਪਰਿਵਾਰ ਦੀ ਮੰਗ
ਘਟਨਾ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਅਤੇ ਮਾਤਾ ਸਰਬਜੀਤ ਕੌਰ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਤਲ ਕਰਨ ਵਾਲੇ ਅਣਪਛਾਤੇ ਦੋਸ਼ੀਆਂ ਦੀ ਜਲਦ ਤੋਂ ਜਲਦ ਭਾਲ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



