ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਵਾਇਰਸ ਦੇ ਇਲਾਜ ਲਈ ਯੋਗ ਗੁਰੂ ਰਾਮਦੇਵ ਦੀ ਕੰਪਨੀ ਪਤੰਜਲੀ ਦੁਆਰਾ ਬਣਾਈ ਗਈ ਆਯੂਰਵੈਦਿਕ ਦਵਾਈ ‘ਕੋਰੋਨਿਲ’ ਵਿਵਾਦਾਂ ਵਿਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਪਹਿਲਾਂ ਆਯੂਸ਼ ਮੰਤਾਲੇ ਵੱਲੋਂ ਇੰਤਰਾਜ਼ ਜ਼ਾਹਿਰ ਕਰਨ ਅਤੇ ਫਿਰ ਰਾਜਸਥਾਨ ਸਰਕਾਰ ਦੁਆਰਾ ਦਵਾਈ ਵੇਚਣ ਉੱਤੇ ਪਾਬੰਦੀ ਲਗਾਉਣ ਮਗਰੋਂ ਹੁਣ ਮਹਾਰਾਸ਼ਟਰ ਸਰਕਾਰ ਨੇ ਵੀ ਬਿਨਾਂ ਜਾਂਚ ਤੋਂ ਇਸ ਦਵਾਈ ਦੀ ਵਿਕਰੀ ਉੱਤੇ ਰੋਕ ਲਗਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ ਮੁੱਖ ਨੇ ਕਿਹਾ ਹੈ ਕਿ ”ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ, ਜੈਪੂਰ ਇਹ ਪਤਾ ਲਗਾਵੇਗਾ ਕਿ, ਕੀ ਪਤੰਜਲੀ ਦੀ ਕੋਰੋਨਿਲ ਦਾ ਕਲੀਨਿਕਲ ਟ੍ਰਾਇਲ ਕੀਤਾ ਗਿਆ ਸੀ। ਅਸੀ ਬਾਬਾ ਰਾਮਦੇਵ ਨੂੰ ਚੇਤਾਵਨੀ ਦਿੰਦੇ ਹਾਂ ਕਿ ਸਾਡੀ ਸਰਕਾਰ ਮਹਾਰਾਸ਼ਟਰ ਵਿਚ ਨਕਲੀ ਦਵਾਈਆਂ ਦੀ ਵਿਕਰੀ ਲਈ ਆਗਿਆ ਨਹੀਂ ਦੇਵੇਗੀ”। ਉੱਥੇ ਹੀ ਆਯੂਸ਼ ਮੰਤਰਾਲੇ ਦੁਆਰਾ ਇਤਰਾਜ਼ ਜ਼ਾਹਰ ਕਰਨ ਤੋਂ ਬਾਅਦ ਸੱਭ ਤੋਂ ਪਹਿਲਾਂ ਰਾਜਸਥਾਨ ਵਿਚ ਬਾਬਾ ਰਾਮਦੇਵ ਦੀ ਕੋਰੋਨਿਲ ਦੀ ਵਿਕਰੀ ਉੱਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਰਾਜਸਥਾਨ ਸਰਕਾਰ ਨੇ ਬਿਨਾ ਇਜ਼ਾਜਤ ਦਵਾਈ ਵੇਚਣ ‘ਤੇ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਸੀ। ਦੱਸ ਦਈਏ ਕਿ ਆਯੂਸ਼ ਮੰਤਰਾਲੇ ਨੇ ਇਸ ਦਵਾਈ ਨੂੰ ਲੈ ਕੇ ਪਤੰਜਲੀ ਨੂੰ ਨੋਟਿਸ ਭੇਜਿਆ ਹੈ ਅਤੇ ਤਤਕਾਲ ਦਵਾਈ ਦੇ ਪ੍ਰਚਾਰ-ਪ੍ਰਸਾਰ ਉੱਤੇ ਰੋਕ ਲਗਾ ਦਿੱਤੀ ਹੈ। ਮੰਤਰਾਲੇ ਨੇ ਕਿਹਾ ਸੀ ਕਿ ਕੋਈ ਵੀ ਫਾਰਮੇਸੀ ਆਈਸੀਐਮਆਰ ਸਰਟੀਫਿਕੇਟ ਤੋਂ ਬਿਨਾਂ ਅਜਿਹਾ ਦਾਅਵਾ ਕਿਵੇਂ ਕਰ ਸਕਦੀ ਹੈ। ਉੱਥੇ ਹੀ ਆਯੂਸ਼ ਮੰਤਰੀ ਨੇ ਕਿਹਾ ਸੀ ਕਿ ”ਇਹ ਚੰਗੀ ਗੱਲ ਹੈ ਕਿ ਬਾਬਾ ਰਾਮਦੇਵ ਨੇ ਦੇਸ਼ ਨੂੰ ਨਵੀਂ ਦਵਾਈ ਦਿੱਤੀ ਹੈ ਪਰ ਨਿਯਮਾਂ ਅਨੁਸਾਰ ਦਵਾਈ ਪਹਿਲਾਂ ਆਯੂਸ਼ ਮੰਤਰਾਲੇ ਨੂੰ ਜਾਂਚ ਲਈ ਦੇਣੀ ਹੋਵੇਗੀ”। ਹਾਲਾਂਕਿ ਰਾਮਦੇਵ ਦਾ ਦਾਅਵਾ ਹੈ ਕਿ ਉਸ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ।

