ਖੰਨਾ: ਐਸ.ਐਸ.ਪੀ. ਖੰਨਾ ਡਾ. ਦਰਪਨ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੰਨਾ ਪੁਲਿਸ ਨੇ ਇੱਕ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਮੋਬਾਇਲ ਟਾਵਰਾਂ ਤੋਂ ਕੀਮਤੀ ਡਾਟਾ ਕਾਰਡ ਚੋਰੀ ਕਰਕੇ ਕੌਡੀਆਂ ਦੇ ਭਾਅ ਵੇਚਦਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਕਰੀਬ 14 ਲੱਖ ਰੁਪਏ ਦੀ ਕੀਮਤ ਦੇ ਕਾਰਡ ਮਹਿਜ਼ 20 ਹਜ਼ਾਰ ਰੁਪਏ ਵਿੱਚ ਵੇਚ ਦਿੱਤੇ ਸਨ।
ਕੰਪਨੀ ਦੇ ਸਾਬਕਾ ਮੁਲਾਜ਼ਮ ਹੀ ਨਿਕਲੇ ਚੋਰ
ਡੀ.ਐਸ.ਪੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਅਰਟੈਲ ਕੰਪਨੀ ਦੇ ਅਧਿਕਾਰੀ ਰਣਧੀਰ ਸਿੰਘ ਵੱਲੋਂ ਟਾਵਰਾਂ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪਹਿਲਾਂ ਏਅਰਟੈਲ ਕੰਪਨੀ ਵਿੱਚ ਹੀ ਕੰਮ ਕਰਦਾ ਸੀ। ਤਕਨੀਕੀ ਜਾਣਕਾਰੀ ਹੋਣ ਕਾਰਨ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਬੜੀ ਸਫ਼ਾਈ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
70 ਟਾਵਰਾਂ ‘ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਗਿਰੋਹ ਨੇ ਹੁਣ ਤੱਕ ਕਰੀਬ 70 ਵੱਖ-ਵੱਖ ਮੋਬਾਇਲ ਟਾਵਰਾਂ ਨੂੰ ਨਿਸ਼ਾਨਾ ਬਣਾਇਆ ਹੈ। ਪੁਲਿਸ ਨੇ ਪੰਕਜ, ਸ਼ਮਸ਼ੇਰ ਸਿੰਘ ਅਤੇ ਅਖਲੇਸ਼ ਨੂੰ ਕਾਬੂ ਕਰ ਲਿਆ ਹੈ, ਜਦਕਿ ਇਨ੍ਹਾਂ ਦਾ ਇੱਕ ਹੋਰ ਸਾਥੀ ਸਚਿਨ ਅਜੇ ਫਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਮੁਲਜ਼ਮ ਟਾਵਰਾਂ ਵਿੱਚ ਲੱਗੇ ਮਹਿੰਗੇ ਇਲੈਕਟ੍ਰਾਨਿਕ ਕਾਰਡ ਚੋਰੀ ਕਰਕੇ ਉੱਤਰ ਪ੍ਰਦੇਸ਼ ਦੇ ਇੱਕ ਕਬਾੜੀਏ ਨੂੰ ਸਪਲਾਈ ਕਰਦੇ ਸਨ। ਚੋਰੀ ਕੀਤੇ ਸਾਮਾਨ ਦੀ ਬਾਜ਼ਾਰੀ ਕੀਮਤ ਲੱਖਾਂ ਵਿੱਚ ਸੀ, ਪਰ ਮੁਲਜ਼ਮ ਨਸ਼ੇ ਜਾਂ ਹੋਰ ਲੋੜਾਂ ਪੂਰੀਆਂ ਕਰਨ ਲਈ ਇਨ੍ਹਾਂ ਨੂੰ ਬਹੁਤ ਘੱਟ ਕੀਮਤ ‘ਤੇ ਵੇਚ ਦਿੰਦੇ ਸਨ।
ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ
ਐਸ.ਐਚ.ਓ. ਸਦਰ ਸੰਦੀਪ ਕੁਮਾਰ ਅਤੇ ਸਬ-ਇੰਸਪੈਕਟਰ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਟੈਕਨੀਕਲ ਸੈੱਲ ਦੀਆਂ ਟੀਮਾਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀਆਂ ਹਨ। ਡੀ.ਐਸ.ਪੀ. ਵਿਨੋਦ ਕੁਮਾਰ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਚੋਰੀ ਦੇ ਕੁਝ ਹੋਰ ਮਾਮਲੇ ਸੁਲਝਣ ਅਤੇ ਗਿਰੋਹ ਦੇ ਹੋਰ ਮੈਂਬਰਾਂ ਦੇ ਫੜੇ ਜਾਣ ਦੀ ਪ੍ਰਬਲ ਸੰਭਾਵਨਾ ਹੈ।



