ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵੱਡਾ ਫ਼ੈਸਲਾ ਕੀਤਾ ਹੈ। ਦਰਅਸਲ ਸੀਐਮ ਕੇਜਰੀਵਾਲ ਨੇ ਪੂਰੀ ਰਾਜਧਾਨੀ ਨੂੰ 31 ਮਾਰਚ ਤੱਕ ਲਾਕਡਾਊਨ ਰੱਖਣ ਦੇ ਹੁਕਮ ਦਿੱਤੇ ਹਨ ਇਸ ਦੌਰਾਨ ਕੇਵਲ ਲੋੜੀਂਦੀ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਬਾਕੀ ਗੈਰ ਜਰੂਰੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਵੇਗਾ।
ਸੀਐਮ ਕੇਜਰੀਵਾਲ ਨੇ ਦੱਸਿਆ ਹੈ ਕਿ ਭਲਕੇ ਸੋਮਵਾਰ ਤੋਂ ਪੂਰੀ ਦਿੱਲੀ ਲਾਕਡਾਊਨ ਰਹੇਗੀ। ਰਾਜਧਾਨੀ ਦੀਆਂ ਸਾਰੀਆਂ ਦੁਕਾਨਾਂ ਅਤੇ ਬਜ਼ਾਰ ਬੰਦ ਰਹਿਣਗੇ। ਕੇਵਲ ਟੈਲੀਕਾਮ, ਸਬਜੀ, ਰਾਸ਼ਨ, ਮੈਡੀਕਲ ਦੀਆਂ ਦੁਕਾਨਾਂ ਖੁਲ੍ਹੀਆਂ ਰੱਖਣ ਦੀ ਇਜ਼ਾਜਤ ਹੋਵੇਗੀ। ਇਸ ਤੋਂ ਇਲਾਵਾ ਡੀਟੀਸੀ ਦੀਆਂ 25 ਫ਼ੀਸਦੀ ਬੱਸਾਂ ਚੱਲਣਗੀਆਂ ਜਦਕਿ ਸਾਰੀਆਂ ਫਲਾਇਟਾਂ ਅਤੇ ਧਾਰਮਿਕ ਸਥਾਨ ਬੰਦ ਰਹਿਣਗੇ। ਕੇਜਰੀਵਾਲ ਨੇ ਦੱਸਿਆ ਹੈ ਕਿ ਨਿਰਮਾਣ ਦਾ ਕੰਮ ਬੰਦ ਰੱਖਿਆ ਜਾਵੇਗਾ ਅਤੇ ਦਿੱਲੀ ਦੇ ਬਾਰਡਰਾਂ ਨੂੰ ਸੀਲ ਰਹਿਣਗੇ ਨਾਲ ਹੀ ਨਿਯਮਾ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਪੂਰੇ ਸੂਬੇ ਨੂੰ 31 ਮਾਰਚ ਤੱਕ ਲਾਕਡਾਊਨ ਰੱਖਣ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ ਅਤੇ ਬਾਕੀ ਦੀਆਂ ਗੈਰ ਜਰੂਰੀ ਸੇਵਾਵਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪੂਰੇ ਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਨੇ ਸੱਤ ਲੋਕਾਂ ਦੀ ਜਾਨ ਲੈ ਲਈ ਹੈ ਜਦਕਿ ਹੁਣ ਤੱਕ 354 ਲੋਕ ਇਸ ਮਹਾਮਾਰੀ ਨਾਲ ਪੀੜਤ ਹਨ ਇਹੀ ਕਾਰਨ ਹੈ ਕਿ ਵੱਖ-ਵੱਖ ਸੂਬਾ ਸਰਕਾਰਾਂ ਦੁਆਰਾ ਇਹ ਵੱਡੇ ਫ਼ੈਸਲੇ ਲਏ ਜਾ ਰਹੇ ਹਨ।

