ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਲਈ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਚੀਨ ਤੋਂ ਬਾਅਦ ਇਸ ਵਾਇਰਸ ਨੇ ਸੱਭ ਤੋਂ ਜਿਆਦਾ ਕਹਿਰ ਇਟਲੀ ਵਿਚ ਮਚਾਇਆ ਹੈ। ਇੱਥੇ ਕੋਰੋਨਾ ਨਾਲ ਮਰਨ ਵਾਲਿਆ ਦੀ ਸੰਖਿਆ 5 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ। ਜਦਕਿ ਛੇ ਹਜ਼ਾਰ ਦੇ ਕਰੀਬ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਇਟਲੀ ਵਿਚ ਪਿਛਲੇ 24 ਘੰਟਿਆਂ ਦੌਰਾਨ ਹੀ 750 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਜਿਸ ਕਰਕੇ ਮਰਨ ਵਾਲਿਆਂ ਸੰਖਿਆ 5,476 ਹੋ ਚੁੱਕੀ ਹੈ। ਉੱਥੇ ਹੀ ਹੋਰ ਛੇ ਹਜਾਰ ਨਵੇਂ ਕੋਰੋਨਾ ਵਾਇਰਸ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਕੋਰੋਨਾ ਪੀੜਤ ਮਰੀਜਾਂ ਦੀ ਗਿਣਤੀ 59,138 ਤੱਕ ਪਹੁੰਚ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਹੁਣ ਤੱਕ 7 ਹਜਾਰ ਲੋਕਾਂ ਦੀ ਸਿਹਤ ਵਿਚ ਸੁਧਾਰ ਵੀ ਹੋਇਆ ਹੈ।
ਕੋਰੋਨਾ ਦੇ ਕਹਿਰ ਕਾਰਨ ਪੂਰਾ ਇਟਲੀ ਲਾਕਡਾਊਨ ਹੋਇਆ ਪਿਆ ਹੈ। ਇਟਲੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਵਿਚ ਕਈ ਤਰ੍ਹਾ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਕੇਵਲ ਐਮਰਜੈਂਸੀ ਸੇਵਾਵਾਂ ਨੂੰ ਹੀ ਛੁੱਟ ਦਿੱਤੀ ਗਈ ਹੈ। ਲੋਕਾਂ ਨੂੰ ਘਰਾਂ ਦੇ ਵਿਚ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਜ਼ੁਰਮਾਨਾ ਵੀ ਲਗਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਸੈਲਾਨੀਆਂ ਦੀ ਪਹਿਲੀ ਪਸੰਦ ਮੰਨੇ ਜਾਣ ਵਾਲੇ ਇਸ ਦੇਸ਼ ਵਿਚ ਸਨਾਟਾ ਛਾਇਆ ਹੋਇਆ ਹੈ। ਸੜਕਾਂ ਸੁੰਨੀਆਂ ਪਈਆਂ ਹਨ। ਬਜ਼ਾਰਾਂ ਵਿਚੋਂ ਰੋਣਕ ਗਾਇਬ ਹੈ।
ਦੱਸ ਦਈਏ ਕਿ ਬੀਤੇ ਐਤਵਾਰ ਇਟਲੀ ਵਿਚ ਫਸੇ 263 ਭਾਰਤੀ ਵਿਦਿਆਰਥੀਆਂ ਨੂੰ ਵਾਪਸ ਆਪਣੇ ਦੇਸ਼ ਲਿਆਇਆ ਗਿਆ ਹੈ। ਭਾਰਤ ਸਰਕਾਰ ਦੁਆਰਾ ਏਅਰ ਇੰਡੀਆ ਦਾ ਸਪੈਸ਼ਲ ਜਹਾਜ਼ ਸਾਰੇ ਵਿਦਿਆਰਥੀਆਂ ਨੂੰ ਰੋਮ ਤੋਂ ਲੈ ਕੇ ਵਾਪਸ ਦਿੱਲੀ ਪਰਤਿਆ ਸੀ ਅਤੇ ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਆਈਬੀਪੀ ਦੇ ਇਕ ਕੈਂਪ ਵਿਚ ਰੱਖਿਆ ਗਿਆ ਹੈ।



