ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੀ ਦੁਨੀਆ ਸਮੇਤ ਭਾਰਤ ਵਿਚ ਵੀ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਦੇਸ਼ ਭਰ ਵਿਚੋਂ ਹੁਣ ਤੱਕ 396 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਿਕ 7 ਲੋਕ ਆਪਣੀ ਜਾਨ ਗਵਾ ਚੁੱਕੇ ਹਨ ਜਿਸ ਦੇ ਚੱਲਦਿਆਂ ਅੱਜ ਭਾਰਤ ਦੇ 13 ਸੂਬੇ ਲਾਕਡਾਊਨ ਕੀਤੇ ਗਏ ਹਨ ਅਤੇ ਇਸ ਦੌਰਾਨ ਕੇਵਲ ਲੋੜੀਂਦੀ ਅਤੇ ਜਰੂਰੀ ਸੇਵਾਵਾਂ ਹੀ ਜਾਰੀ ਰਹਿਣਗੀਆਂ।
ਜਾਣਕਾਰੀ ਅਨੁਸਾਰ ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਪੰਜਾਬ, ਮਹਾਰਾਸ਼ਟਰ, ਰਾਜਸਥਾਨ, ਝਾਰਖੰਡ, ਦਿੱਲੀ, ਨਾਗਾਲੈਂਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਪੱਛਮੀ ਬੰਗਾਲ, ਉੱਤਰਾਖੰਡ, ਹਰਿਆਣਾ, ਅਤੇ ਕੇਰਲਾ ਨੂੰ ਲਾਕਡਾਊਨ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਯੂਪੀ ਦੇ 15 ਜਿਲ੍ਹੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੀ ਲਾਕਡਾਊਨ ਰਹੇਗਾ। ਇਹ ਪਾਬੰਦੀਆਂ ਅੱਜ ਤੋਂ ਸ਼ੁਰੂ ਹੋ ਕੇ 31 ਮਾਰਚ ਤੱਕ ਇੰਝ ਹੀ ਚੱਲਣਗੀਆਂ। ਲਾਕਡਾਊਨ ਦੌਰਾਨ ਗੈਰ-ਜ਼ਰੂਰੀ ਸੇਵਾਵਾਂ ਉੱਤੇ ਰੌਕ ਲਗਾਈ ਗਈ ਹੈ ਅਤੇ ਲੋੜੀਂਦੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਹੀ ਜਾਰੀ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਕਰਿਆਣਾ, ਮੈਡੀਕਲ, ਦੁੱਧ,ਸਬਜੀ, ਪੀਣ ਵਾਲੇ ਪਾਣੀ ਦੀ ਸਪਲਾਈ, ਪੈਟ੍ਰੋਲ ਪੰਪ, ਏਟੀਐਮ, ਬੈਂਕ, ਮੀਡੀਆ ਸੰਸਥਾਨ ਅਤੇ ਪੋਸਟ ਆਫਿਸ ਆਦਿ ਪਾਬੰਦੀਆਂ ਤੋਂ ਬਾਹਰ ਰੱਖੇ ਗਏ ਹਨ। ਨਾਲ ਹੀ 31 ਮਾਰਚ ਤੱਕ ਰੇਲ ਸੇਵਾ ਉੱਤੇ ਰੌਕ ਲਗਾਈ ਗਈ ਹੈ ਅਤੇ ਦਿੱਲੀ ਵਿਚ ਮੈਟਰੋ ਸੇਵਾ ਨੂੰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਬੀਤੇ ਐਤਵਾਰ ਪੀਐਮ ਮੋਦੀ ਦੁਆਰਾ ਐਲਾਨੇ ਗਏ ਜਨਤਾ ਕਰਫਿਊ ਨੂੰ ਜਨਤਾ ਨੇ ਭਰਵਾ ਹੁੰਗਾਰਾ ਦਿੱਤੀ ਸੀ। ਸੜਕਾਂ ਉੱਤੇ ਟਰੈਫਿਕ ਅਤੇ ਬਜਾਰਾਂ ਵਿਚੋਂ ਰੋਣਕ ਪੂਰੀ ਤਰ੍ਹਾ ਗਾਇਬ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੂਰੇ ਭਾਰਤ ਵਿਚ ਕੋਰੋਨਾ ਪੀੜਤ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਤੱਕ ਪਹੁੰਚ ਗਈ ਹੈ। ਜਦਕਿ ਹੁਣ ਤੱਕ 396 ਕੋਰੋਨਾ ਵਾਇਰਸ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।


