ਟੋਕੀਓ: ਜਾਪਾਨ ਵਿੱਚ ਸਾਲ ਦੇ ਅੰਤ ਦੀਆਂ ਛੁੱਟੀਆਂ ਮਨਾਉਣ ਨਿਕਲੇ ਲੋਕਾਂ ਲਈ ਸ਼ੁੱਕਰਵਾਰ ਦੀ ਰਾਤ ਕਹਿਰ ਬਣ ਕੇ ਆਈ। ਟੋਕੀਓ ਤੋਂ ਲਗਭਗ 160 ਕਿਲੋਮੀਟਰ ਦੂਰ ਗੁਨਮਾ ਸੂਬੇ ਦੇ ਮਿਨਾਕਾਮੀ ਸ਼ਹਿਰ ਨੇੜੇ ਕਾਨ-ਏਤਸੂ ਐਕਸਪ੍ਰੈਸਵੇਅ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ 77 ਸਾਲਾ ਮਹਿਲਾ ਦੀ ਮੌਤ ਹੋ ਗਈ ਅਤੇ 26 ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 5 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਬਰਫ਼ਬਾਰੀ ਕਾਰਨ ਕੰਟਰੋਲ ਤੋਂ ਬਾਹਰ ਹੋਏ ਵਾਹਨ
ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ, ਹਾਦਸੇ ਦੀ ਸ਼ੁਰੂਆਤ ਦੋ ਟਰੱਕਾਂ ਦੀ ਆਪਸੀ ਟੱਕਰ ਨਾਲ ਹੋਈ। ਭਾਰੀ ਬਰਫ਼ਬਾਰੀ ਕਾਰਨ ਸੜਕ ‘ਤੇ ਫਿਸਲਣ ਇੰਨੀ ਜ਼ਿਆਦਾ ਸੀ ਕਿ ਪਿੱਛੇ ਤੋਂ ਆ ਰਹੀਆਂ ਗੱਡੀਆਂ ਬ੍ਰੇਕ ਨਹੀਂ ਲਗਾ ਸਕੀਆਂ। ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ ਕਰੀਬ 50 ਤੋਂ ਵੱਧ ਵਾਹਨ ਆਪਸ ਵਿੱਚ ਟਕਰਾ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਐਕਸਪ੍ਰੈਸਵੇਅ ਦਾ ਇੱਕ ਵੱਡਾ ਹਿੱਸਾ ਪੂਰੀ ਤਰ੍ਹਾਂ ਮਲਬੇ ਨਾਲ ਭਰ ਗਿਆ।
ਟੱਕਰ ਤੋਂ ਬਾਅਦ ਲੱਗੀ ਭਿਆਨਕ ਅੱਗ
ਹਾਦਸੇ ਦੌਰਾਨ ਸਥਿਤੀ ਉਦੋਂ ਹੋਰ ਵੀ ਗੰਭੀਰ ਹੋ ਗਈ ਜਦੋਂ ਟਕਰਾਏ ਹੋਏ ਵਾਹਨਾਂ ਵਿੱਚ ਅਚਾਨਕ ਅੱਗ ਲੱਗ ਗਈ। ਇਹ ਅੱਗ ਤੇਜ਼ੀ ਨਾਲ ਫੈਲੀ ਅਤੇ ਇੱਕ ਦਰਜਨ ਤੋਂ ਵੱਧ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਈ ਗੱਡੀਆਂ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਲਗਭਗ 7 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਰਾਹਤ ਦੀ ਗੱਲ ਇਹ ਰਹੀ ਕਿ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਛੁੱਟੀਆਂ ਦਾ ਸਫਰ ਬਣਿਆ ਹਾਦਸੇ ਦਾ ਸ਼ਿਕਾਰ
ਮ੍ਰਿਤਕ ਮਹਿਲਾ ਦੀ ਪਛਾਣ ਟੋਕੀਓ ਦੀ ਰਹਿਣ ਵਾਲੀ 77 ਸਾਲਾ ਬਜ਼ੁਰਗ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਵੇਲੇ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਸੀ। ਜਾਪਾਨ ਵਿੱਚ ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਸੜਕਾਂ ‘ਤੇ ਆਵਾਜਾਈ ਆਮ ਨਾਲੋਂ ਜ਼ਿਆਦਾ ਸੀ। ਫਿਲਹਾਲ, ਪੁਲਿਸ ਨੇ ਮਲਬਾ ਹਟਾਉਣ ਅਤੇ ਜਾਂਚ ਲਈ ਐਕਸਪ੍ਰੈਸਵੇਅ ਦੇ ਸਬੰਧਤ ਹਿੱਸੇ ਨੂੰ ਬੰਦ ਕਰ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/russia-ukraine-war-russia-launches-fierce-attack-on-kiev-before-trump-zelensky-meeting-in-florida-hypersonic-missiles-fired/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



