ਚੰਡੀਗੜ੍ਹ: ਉੱਤਰੀ ਭਾਰਤ ਵਿੱਚ ਸੜਕੀ ਨੈੱਟਵਰਕ ਅਤੇ ਆਵਾਜਾਈ ਨੂੰ ਇੱਕ ਇਤਿਹਾਸਕ ਹੁਲਾਰਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਤੋਂ ‘ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ’ ਦੇ ਹਰਿਆਣਾ ਸੈਕਸ਼ਨ ਦਾ ਉਦਘਾਟਨ ਕਰਕੇ ਦੇਸ਼ ਵਾਸਿਆਂ ਨੂੰ ਬੇਹੱਦ ਖ਼ਾਸ ਤੋਹਫ਼ਾ ਦਿੱਤਾ ਹੈ। ਇਸ ਗ੍ਰੀਨਫੀਲਡ ਐਕਸਪ੍ਰੈਸਵੇਅ ਦੇ ਸ਼ੁਰੂ ਹੋਣ ਨਾਲ ਹੁਣ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਜਾਣ ਵਾਲੇ ਸ਼ਰਧਾਲੂਆਂ ਦਾ ਸਫ਼ਰ ਬੇਹੱਦ ਤੇਜ਼ ਅਤੇ ਆਰਾਮਦਾਇਕ ਹੋ ਜਾਵੇਗਾ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ, ਇਸ ਐਕਸਪ੍ਰੈਸਵੇਅ ਦੇ ਮੁਕੰਮਲ ਹੋਣ ‘ਤੇ ਦਿੱਲੀ ਤੋਂ ਕਟੜਾ ਦੀ ਦੂਰੀ ਤੈਅ ਕਰਨ ਦਾ ਸਮਾਂ 14 ਘੰਟਿਆਂ ਤੋਂ ਘਟ ਕੇ ਮਹਿਜ਼ 6 ਘੰਟੇ ਰਹਿ ਜਾਵੇਗਾ। ਇਸ ਤਰ੍ਹਾਂ ਦਿੱਲੀ ਤੋਂ ਅੰਮ੍ਰਿਤਸਰ ਦਾ ਸਫ਼ਰ ਵੀ 8 ਘੰਟਿਆਂ ਦੀ ਬਜਾਏ ਹੁਣ ਸਿਰਫ਼ 4 ਘੰਟਿਆਂ ਵਿੱਚ ਪੂਰਾ ਕੀਤਾ ਜਾ ਸਕੇਗਾ, ਜਿਸ ਨਾਲ ਲੋਕਾਂ ਦੇ ਸਮੇਂ ਅਤੇ ਤੇਲ ਦੋਵਾਂ ਦੀ ਵੱਡੀ ਬੱਚਤ ਹੋਵੇਗੀ।
₹9,680 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਪਹਿਲਾ ਹਿੱਸਾ
ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਵਿੱਚ ਇਸ ਐਕਸਪ੍ਰੈਸਵੇਅ ਦੇ 157.92 ਕਿਲੋਮੀਟਰ ਲੰਬੇ ਅਤੇ ਚਾਰ ਲੇਨ ਵਾਲੇ ਪੈਕੇਜ-1 ਤੋਂ 5 ਤੱਕ ਦੇ ਹਿੱਸੇ ਦਾ ਉਦਘਾਟਨ ਕੀਤਾ ਹੈ। ਲਗਭਗ 9,680 ਕਰੋੜ ਰੁਪਏ ਦੀ ਭਾਰੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਹਿੱਸਾ ਕੁੱਲ 667 ਕਿਲੋਮੀਟਰ ਲੰਬੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦਾ ਬੇਹੱਦ ਅਹਿਮ ਹਿੱਸਾ ਹੈ। ਇਸ ਦੇ ਚਾਲੂ ਹੋਣ ਨਾਲ ਨੈਸ਼ਨਲ ਹਾਈਵੇਅ-44 (NH-44) ‘ਤੇ ਵਾਹਨਾਂ ਦਾ ਦਬਾਅ ਕਾਫੀ ਹੱਦ ਤੱਕ ਘਟੇਗਾ।
ਆਰਥਿਕ ਗਤੀਵਿਧੀਆਂ ਅਤੇ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ
ਇਹ ਨਵਾਂ ਐਕਸਪ੍ਰੈਸਵੇਅ ਨਾ ਸਿਰਫ਼ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਰਾਹਤ ਬਣੇਗਾ, ਬਲਕਿ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਚਾਲੇ ਵਪਾਰਕ ਸਾਂਝ ਨੂੰ ਹੋਰ ਪੀਢਾ ਕਰੇਗਾ। ਇਸ ਮਾਰਗ ਦੇ ਆਲੇ-ਦੁਆਲੇ ਉਦਯੋਗਿਕ ਹੱਬ, ਵੇਅਰਹਾਊਸਿੰਗ (ਮਾਲ ਗੋਦਾਮ) ਅਤੇ ਲੌਜਿਸਟਿਕਸ ਸੈਕਟਰ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ। ਬਿਹਤਰ ਸੜਕੀ ਸੰਪਰਕ ਕਾਰਨ ਵਪਾਰੀ ਘੱਟ ਖ਼ਰਚੇ ਅਤੇ ਘੱਟ ਸਮੇਂ ਵਿੱਚ ਆਪਣਾ ਸਾਮਾਨ ਇੱਕ ਥਾਂ ਤੋਂ ਦੂਜੀ ਥਾਂ ਭੇਜ ਸਕਣਗੇ, ਜਿਸ ਨਾਲ ਖੇਤਰੀ ਅਰਥਚਾਰੇ ਨੂੰ ਵੱਡਾ ਫਾਇਦਾ ਮਿਲੇਗਾ।
ਉੱਤਰੀ ਭਾਰਤ ਲਈ ਹੋਰ ਵੀ ਕਈ ਵੱਡੇ ਐਲਾਨ
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਲਈ ਸੜਕ, ਰੇਲ, ਸਿਹਤ ਅਤੇ ਸਿੱਖਿਆ ਨਾਲ ਜੁੜੇ ਕਈ ਹੋਰ ਪ੍ਰੋਜੈਕਟਾਂ ਦੇ ਵੀ ਉਦਘਾਟਨ ਅਤੇ ਨੀਂਹ ਪੱਥਰ ਰੱਖੇ। ਇਨ੍ਹਾਂ ਵਿੱਚ ਦੇਸ਼ ਦੀ ਪਹਿਲੀ ਪ੍ਰਦੂਸ਼ਣ ਮੁਕਤ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਾ। ਨਵੇਂ ਹਾਈਵੇਅ ਪ੍ਰੋਜੈਕਟਾਂ ਅਤੇ ਮੈਡੀਕਲ ਕਾਲਜਾਂ ਦੀ ਸ਼ੁਰੂਆਤ। ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ ਆਧੁਨਿਕ ਬਣਾਏ ਗਏ ਰੇਲਵੇ ਸਟੇਸ਼ਨਾਂ ਨੂੰ ਜਨਤਾ ਨੂੰ ਸਮਰਪਿਤ ਕਰਨਾ। ਇਸ ਐਕਸਪ੍ਰੈਸਵੇਅ ਦੀ ਸ਼ੁਰੂਆਤ ਨੂੰ ਉੱਤਰੀ ਭਾਰਤ ਵਿੱਚ ਇੱਕ ਸੁਰੱਖਿਅਤ, ਤੇਜ਼ ਅਤੇ ਆਧੁਨਿਕ ਸੜਕੀ ਨੈੱਟਵਰਕ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Ferozepur Firing : ਬਾਜ਼ਾਰ ‘ਚ ਸ਼ਰੇਆਮ ਕੱਪੜਾ ਵਪਾਰੀ ਦੀ ਦੁਕਾਨ ‘ਤੇ ਚੱਲੀਆਂ ਤਾਬੜਤੋੜ ਗੋਲੀਆਂ, ਇਲਾਕੇ ‘ਚ ਦਹਿਸ਼ਤ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।




