ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੇ ਮੱਦੇਨਜ਼ਰ ਪੂਰੇ ਸੂਬੇ ਵਿੱਚ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕਰ ਦਿੱਤੇ ਗਏ ਹਨ। ਪੀਐੱਮ ਮੋਦੀ ਦੇ ਜਲੰਧਰ ਵਿਖੇ ਪ੍ਰਸਤਾਵਿਤ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਿਸ ਨੂੰ ਪੂਰੀ ਤਰ੍ਹਾਂ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਲੜੀ ਤਹਿਤ ਵੀਰਵਾਰ ਦੇਰ ਰਾਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ (CP) ਸਵਪਨ ਸ਼ਰਮਾ ਖੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੈਦਾਨ ਵਿੱਚ ਉਤਰੇ। ਉਨ੍ਹਾਂ ਨੇ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਖੁਦ ਪੈਟਰੋਲਿੰਗ ਕਰਕੇ ਸੁਰੱਖਿਆ ਤਿਆਰੀਆਂ ਨੂੰ ਪਰਖਿਆ।
ਰੇਲਵੇ ਸਟੇਸ਼ਨ ‘ਤੇ ਚੱਲਿਆ ਵਿਸ਼ੇਸ਼ ਚੈਕਿੰਗ ਅਭਿਆਨ
ਪੁਲਿਸ ਕਮਿਸ਼ਨਰ ਨੇ ਦੇਰ ਰਾਤ ਰੇਲਵੇ ਸਟੇਸ਼ਨ ਦਾ ਅਚਨਚੇਤ ਦੌਰਾ ਕੀਤਾ ਅਤੇ ਉੱਥੇ ਚੱਲ ਰਹੇ ਚੈਕਿੰਗ ਅਭਿਆਨ ਦੀ ਨਿਗਰਾਨੀ ਕੀਤੀ। ਇਸ ਦੌਰਾਨ ਰੇਲਵੇ ਸਟੇਸ਼ਨ ਦੇ ਮੁੱਖ ਗੇਟ, ਪਲੇਟਫਾਰਮਾਂ ਅਤੇ ਆਸ-ਪਾਸ ਦੀਆਂ ਸੜਕਾਂ ‘ਤੇ ਸਖ਼ਤ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਤੇ ਵਿਅਕਤੀਆਂ ਦੀ ਤਲਾਸ਼ੀ ਲਈ ਗਈ। ਸੀਪੀ ਸਵਪਨ ਸ਼ਰਮਾ ਨੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਚੱਪੇ-ਚੱਪੇ ‘ਤੇ ਤਿੱਖੀ ਨਜ਼ਰ ਰੱਖੀ ਜਾਵੇ।
ਨਾਜਾਇਜ਼ ਕਬਜ਼ਿਆਂ ਖਿਲਾਫ਼ ਸਖ਼ਤ ਰੁਖ
ਰੇਲਵੇ ਸਟੇਸ਼ਨ ਦੇ ਬਾਹਰ ਵਧ ਰਹੇ ਨਾਜਾਇਜ਼ ਕਬਜ਼ਿਆਂ ਅਤੇ ਇਸ ਕਾਰਨ ਪੈਦਾ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦਿਆਂ ਪੁਲਿਸ ਕਮਿਸ਼ਨਰ ਨੇ ਸਖ਼ਤ ਰੁਖ ਅਖਤਿਆਰ ਕੀਤਾ। ਉਨ੍ਹਾਂ ਨੇ ਰੇਲਵੇ ਸਟੇਸ਼ਨ ਦੇ ਦੋਵਾਂ ਪਾਸਿਆਂ ਦਾ ਪੈਦਲ ਨਿਰੀਖਣ ਕੀਤਾ। ਇਸ ਦੌਰਾਨ ਜਦੋਂ ਉਨ੍ਹਾਂ ਨੇ ਸੜਕਾਂ ‘ਤੇ ਨਾਜਾਇਜ਼ ਤੌਰ ‘ਤੇ ਲਗਾਏ ਗਏ ਬੋਰਡ, ਰੇਹੜੀਆਂ ਅਤੇ ਹੋਰ ਸਾਮਾਨ ਦੇਖਿਆ ਤਾਂ ਉਹ ਭੜਕ ਗਏ। ਸੜਕਾਂ ਨੂੰ ਬੰਦ ਕਰਨ ਵਾਲੇ ਢਾਬਾ ਅਤੇ ਹੋਟਲ ਸੰਚਾਲਕਾਂ ਨੂੰ ਤਾੜਨਾ ਕਰਦਿਆਂ ਉਨ੍ਹਾਂ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ।
ਅਗਲੀ ਵਾਰ ਸਿੱਧੀ ਹੋਵੇਗੀ FIR
ਸੀਪੀ ਸਵਪਨ ਸ਼ਰਮਾ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਫਿਲਹਾਲ ਇਹ ਸਿਰਫ਼ ਆਖਰੀ ਚੇਤਾਵਨੀ ਹੈ। ਜੇਕਰ ਭਵਿੱਖ ਵਿੱਚ ਕਿਸੇ ਨੇ ਵੀ ਦੁਬਾਰਾ ਸੜਕਾਂ ‘ਤੇ ਨਾਜਾਇਜ਼ ਕਬਜ਼ਾ ਕੀਤਾ ਜਾਂ ਆਪਣਾ ਸਾਮਾਨ ਬਾਹਰ ਰੱਖਿਆ, ਤਾਂ ਬਿਨਾਂ ਕਿਸੇ ਦੇਰੀ ਦੇ ਸਿੱਧੀ ਐੱਫਆਈਆਰ (FIR) ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਿਨਾਂ ਕਿਸੇ ਸਿਆਸੀ ਜਾਂ ਨਿੱਜੀ ਦਬਾਅ ਦੇ ਨਿਰਪੱਖ ਕਾਰਵਾਈ ਕੀਤੀ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
PM Modi’s Chandigarh visit : ਪੰਜਾਬ-ਹਰਿਆਣਾ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਹਾਈ ਅਲਰਟ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

