ਖੰਨਾ : ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ। ਤਾਜ਼ਾ ਮਾਮਲਾ ਖੰਨਾ ਦੇ ਨਜ਼ਦੀਕੀ ਪਿੰਡ ਰਸੂਲੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਆਪਸੀ ਰੰਜਿਸ਼ ਦੇ ਚੱਲਦਿਆਂ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਵਾਰਦਾਤ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਦੋਵਾਂ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਫਿਲਹਾਲ ਦੋਵਾਂ ਨੌਜਵਾਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਕ੍ਰਿਕਟ ਟੂਰਨਾਮੈਂਟ ਦੇ ਵਿਵਾਦ ਨੇ ਧਾਰਿਆ ਭਿਆਨਕ ਰੂਪ
ਘਟਨਾ ਦੀ ਜਾਣਕਾਰੀ ਦਿੰਦਿਆਂ ਖੰਨਾ ਦੇ ਡੀ.ਐਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਦਿਨ ਪਹਿਲਾਂ ਇੱਕ ਕ੍ਰਿਕਟ ਟੂਰਨਾਮੈਂਟ ਦੌਰਾਨ ਇਨ੍ਹਾਂ ਦਾ ਆਪਸੀ ਝਗੜਾ ਹੋਇਆ ਸੀ। ਇਸੇ ਤਕਰਾਰ ਦੇ ਚੱਲਦਿਆਂ ਵਿਰੋਧੀ ਧਿਰ ਵੱਲੋਂ ਨੌਜਵਾਨ ‘ਤੇ ਗੋਲੀ ਚਲਾ ਦਿੱਤੀ ਗਈ, ਜੋ ਉਸ ਦੇ ਪੱਟ ‘ਤੇ ਜਾ ਲੱਗੀ। ਇਸ ਵਾਰਦਾਤ ਵਿੱਚ ਕੁੱਲ ਦੋ ਨੌਜਵਾਨ ਫੱਟੜ ਹੋਏ ਹਨ। ਡੀ.ਐਸ.ਪੀ. ਨੇ ਭਰੋਸਾ ਦਿੱਤਾ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਸਾਬਕਾ ਮੰਤਰੀ ਕੋਟਲੀ ਨੇ ਕਾਨੂੰਨ ਵਿਵਸਥਾ ‘ਤੇ ਚੁੱਕੇ ਵੱਡੇ ਸਵਾਲ
ਦੂਜੇ ਪਾਸੇ, ਦਿਨ-ਦਿਹੜੇ ਹੋਈ ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਿਆਸਤ ਵੀ ਗਰਮਾ ਗਈ ਹੈ। ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਮੌਜੂਦਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬੇ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਅਤੇ ਆਮ ਲੋਕਾਂ ਦੀ ਸੁਰੱਖਿਆ ਰਾਮ ਭਰੋਸੇ ਹੈ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਅਮਾਲ ਮਲਿਕ ਨੇ ਕੇਤਨ ਅਗਰਵਾਲ ਦੀ ਮੌਤ ਤੇ ਜਤਾਈ ਨਾਰਾਜ਼ਗੀ, ਸਾਂਝੀ ਕੀਤੀ ਟਵਿੱਟਰ ‘ਤੇ ਪੋਸਟ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



