ਗੁਰਦਾਸਪੁਰ : ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਚੱਲ ਰਹੀ ਲੂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਇਸ ਚੱਲ ਰਹੀ ਭਿਆਨਕ ਗਰਮੀ ਦੇ ਮੌਸਮ ਵਿੱਚ ਗੁਰਦਾਸਪੁਰ ਤੋਂ ਦੋ ਮੰਦਭਾਗੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਗਰਮੀ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਅਜਿਹੀਆਂ ਘਟਨਾਵਾਂ ਨੇ ਪ੍ਰਸ਼ਾਸਨ ਅਤੇ ਆਮ ਲੋਕਾਂ ਲਈ ਚਿੰਤਾ ਵਧਾ ਦਿੱਤੀ ਹੈ।
ਰੇਲਵੇ ਸਟੇਸ਼ਨ ‘ਤੇ ਨੌਜਵਾਨ ਦੀ ਮੌਤ
ਪਹਿਲੀ ਘਟਨਾ ਗੁਰਦਾਸਪੁਰ ਰੇਲਵੇ ਸਟੇਸ਼ਨ ਦੀ ਹੈ, ਜਿੱਥੇ ਇੱਕ ਨੌਜਵਾਨ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਪਿਆ। ਰੇਲਵੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰੇਲਵੇ ਪੁਲਿਸ ਅਧਿਕਾਰੀ ਰਵੇਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਮੌਤ ਗਰਮੀ ਦੇ ਕਹਿਰ ਕਾਰਨ ਹੋਈ ਜਾਪਦੀ ਹੈ।
ਬਜ਼ੁਰਗ ਨੂੰ ਪਿਆ ਦਿਲ ਦਾ ਦੌਰਾ
ਦੂਜੀ ਘਟਨਾ ਵਿੱਚ ਗੁਰਦਾਸਪੁਰ ਦੇ ਪਿੰਡ ਗੋਹਤ ਪੋਖਰ ਦੇ ਇੱਕ ਬਜ਼ੁਰਗ ਦੀ ਮੌਤ ਹੋ ਗਈ। ਪਿੰਡ ਵਾਸੀ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਬਜ਼ੁਰਗ ਨੂੰ ਤੇਜ਼ ਗਰਮੀ ਕਾਰਨ ਦਿਲ ਦਾ ਦੌਰਾ ਪਿਆ, ਜੋ ਕਿ ਜਾਨਲੇਵਾ ਸਾਬਤ ਹੋਇਆ। ਗਰਮੀ ਦੀ ਤਪਸ਼ ਕਾਰਨ ਸਰੀਰ ਵੱਧ ਰਹੇ ਤਾਪਮਾਨ ਨੂੰ ਸਹਿਣ ਨਹੀਂ ਕਰ ਸਕਿਆ, ਜਿਸ ਕਾਰਨ ਪਰਿਵਾਰ ਨੂੰ ਇਸ ਵੱਡੇ ਦੁੱਖ ਦਾ ਸਾਹਮਣਾ ਕਰਨਾ ਪਿਆ।
ਕਾਰੋਬਾਰ ਤੇ ਆਮ ਜਨਜੀਵਨ ਪ੍ਰਭਾਵਿਤ
ਲਗਾਤਾਰ ਵੱਧ ਰਹੇ ਤਾਪਮਾਨ ਨੇ ਨਾ ਸਿਰਫ਼ ਸਿਹਤ ‘ਤੇ ਮਾੜਾ ਅਸਰ ਪਾਇਆ ਹੈ, ਸਗੋਂ ਲੋਕਾਂ ਦੇ ਕਾਰੋਬਾਰ ‘ਤੇ ਵੀ ਵੱਡਾ ਅਸਰ ਪਾਇਆ ਹੈ। ਦੁਪਹਿਰ ਦੇ ਸਮੇਂ ਬਾਜ਼ਾਰਾਂ ਵਿੱਚ ਸੁੰਨਸਾਨ ਦੇਖਣ ਨੂੰ ਮਿਲ ਰਹੀ ਹੈ ਅਤੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ।
ਸਾਵਧਾਨੀ ਦੀ ਅਪੀਲ: ਸਿਹਤ ਮਾਹਿਰਾਂ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗਰਮੀ ਦੇ ਇਨ੍ਹਾਂ ਦਿਨਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਰੱਖਣ, ਸਿਰ ‘ਤੇ ਕੱਪੜਾ ਰੱਖ ਕੇ ਹੀ ਬਾਹਰ ਨਿਕਲਣ ਅਤੇ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਸਿੱਧੀ ਧੁੱਪ ਵਿੱਚ ਜਾਣ ਤੋਂ ਬਚਣ।



