ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਅਸਲ ਕੰਟਰੋਲ ਰੇਖਾ ‘ਤੇ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ ਤਣਾਅ ਹੁਣ ਥੋੜਾ ਨਰਮ ਹੁੰਦਾ ਵਿਖਾਈ ਦੇ ਰਿਹਾ ਹੈ। ਦਰਅਸਲ ਦੋਵਾਂ ਦੇਸ਼ਾਂ ਵਿਚਾਲੇ ਚੱਲੀ ਗੱਲਬਾਤ ਤੋਂ ਬਾਅਦ ਅੱਜ ਬੁੱਧਵਾਰ ਨੂੰ ਭਾਰਤ ਅਤੇ ਚੀਨ ਨੇ ਆਪਣੇ ਸੈਨਿਕਾਂ ਨੂੰ ਪੈਟ੍ਰੋਲਿੰਗ ਪੁਆਇੰਟ 15 ਤੋਂ ਪਿੱਛੇ ਹਟਾਉਣ ਦੀ ਪ੍ਰਕਿਰਿਆ ਨੂੰ ਪੂਰੀ ਕਰ ਲਈ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਲਗਭਗ 2 ਕਿਲੋਮੀਟਰ ਤੱਕ ਪਿੱਛੇ ਚੱਲੇ ਗਏ ਹਨ। ਖਬਰ ਏਜੰਸੀ ਏਐਨਆਈ ਨੇ ਭਾਰਤੀ ਸੈਨਾ ਦੇ ਸੂਤਰਾਂ ਦੇ ਹਵਾਲਿਓ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
Disengagement between troops of India and China has been completed today at Patrolling Point 15. The Chinese troops have moved back by approximately 2 kms: Indian Army Sources pic.twitter.com/FBxaT208tB
— ANI (@ANI) July 8, 2020
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲੱਦਾਖ ਦੇ ਗੋਗਰਾ ਪੁਆਇੰਟ 17ਏ ਤੋਂ ਜਵਾਨਾਂ ਨੂੰ ਵੀਰਵਾਰ ਜਾ ਸ਼ੁੱਕਰਵਾਰ ਨੂੰ ਦੋ ਕਿਲੋਮੀਟਰ ਪਿੱਛੇ ਹਟਾਇਆ ਜਾਵੇਗਾ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਸੋਮਵਾਰ ਨੂੰ ਵੀ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਦੇ ਸੈਨਿਕ ਪਿੱਛੇ ਹਟੇ ਹਨ। ਦੋਣਾਂ ਦੇਸ਼ਾਂ ਦੀਆਂ ਸੈਨਾ ਝੜਪ ਵਾਲੀ ਥਾਂ ਤੋਂ ਡੇਢ ਕਿਲੋਮੀਟਰ ਪਿੱਛੇ ਹਟੀਆਂ ਹਨ ਅਤੇ ਹੁਣ ਇਸ ਇਲਾਕੇ ਨੂੰ ਬਫਰ ਜ਼ੋਨ ਬਣਾ ਦਿੱਤਾ ਗਿਆ ਹੈ ਤਾਂਕਿ ਅੱਗੇ ਕੋਈ ਵੀ ਹਿੰਸਕ ਘਟਨਾ ਨਾ ਹੋਵੇ। ਰਿਪੋਰਟਾਂ ਅਨੁਸਾਰ ਭਾਰਤ ਨੇ ਚੀਨੀ ਸੈਨਿਕਾਂ ਦੇ ਪਿੱਛੇ ਹੱਟਣ ਦਾ ਫਿਜ਼ਿਕਲ ਵੈਰੀਫਿਕੇਸ਼ਨ ਵੀ ਕਰ ਲਿਆ ਹੈ। ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚਾਲੇ 5 ਮਈ ਤੋਂ ਹੀ ਲੱਦਾਖ ਵਿਚ ਤਣਾਅ ਬਣਿਆ ਹੋਇਆ ਸੀ ਅਤੇ ਲੱਦਾਖ ਦੀ ਗਲਵਾਨ ਘਾਟੀ ਵਿਚ 15-16 ਜੂਨ ਦੀ ਦਰਮਿਆਨੀ ਰਾਤ ਨੂੰ ਦੋਣਾਂ ਦੇਸ਼ਾਂ ਵਿਚਾਲੇ ਇਹ ਤਣਾਅ ਹਿੰਸਕ ਝੜਪ ਵਿਚ ਤਬਦੀਲ ਹੋ ਗਿਆ ਸੀ ਜਿਸ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਉੱਥੇ ਹੀ ਚੀਨ ਦਾ ਵੀ ਕਾਫੀ ਜਾਨੀ ਨੁਕਸਾਨ ਹੋਇਆ ਸੀ ਪਰ ਉਸਨੇ ਆਪਣੇ ਮਾਰੇ ਗਏ ਜਵਾਨਾਂ ਦੀ ਗਿਣਤੀ ਨਹੀਂ ਦੱਸੀ ਸੀ।
ਰਿਪੋਰਟਾਂ ਦੀ ਮੰਨੀਏ ਤਾਂ ਦੂਜੇ ਪਾਸੇ ਪੈਂਗੌਗ ਝੀਲ ਦੇ ਕੋਲ ਫਿੰਗਰ 4 ਇਲਾਕੇ ਵਿਚ ਚੀਨੀ ਸੈਨਿਕਾਂ ਦੀਆਂ ਗਤੀਵਿਧੀਆਂ ਅਜੇ ਜਾਰੀ ਹਨ। ਇਸ ਇਲਾਕੇ ਵਿਚ ਚੀਨੀ ਸੈਨਿਕਾਂ ਨੇ ਆਪਣੀਆਂ ਗੱਡੀਆਂ ਅਤੇ ਟੈਂਟ ਆਦਿ ਗੱਡੇ ਹੋਏ ਹਨ।
