ਕਿਸਾਨ ਆਗੂਆਂ ਨਾਲ ਟੋਲ ਪਲਾਜ਼ੇ ਵਾਲਿਆਂ ਨੂੰ ਪੰਗਾ ਲੈਣਾ ਪਿਆ ਮਹਿੰਗਾ,ਵਿਰੋਧ ‘ਚ ਕਿਸਾਨਾਂ ਨੇ ਵੀ ਕੀਤਾ ਇਹ ਕੰਮ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਬਰਨਾਲਾ ਜ਼ਿਲ੍ਹੇ ਦੇ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਰਾਜਮਰਾਗ-7 ਉੱਤੇ ਲੱਗੇ ਟੋਲ ਪਲਾਜ਼ੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਕਿਸਾਨ ਆਗੂਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਬਰਨਾਲਾ ਜ਼ਿਲ੍ਹੇ ਦੇ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਰਾਜਮਰਾਗ-7 ਉੱਤੇ ਲੱਗੇ ਟੋਲ ਪਲਾਜ਼ੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਕਿਸਾਨ ਆਗੂਆਂ ਨਾਲ ਦੁਰਵਿਵਹਾਰ ਕਰਨ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ੇ ਤੋਂ ਗੁਜਰ ਰਹੇ ਵਾਹਨਾਂ ਨੂੰ ਬਿਨਾਂ ਪਰਚੀ ਤੋਂ ਵੀ ਲੰਘਾਇਆ ਹੈ।

ਜਾਣਕਾਰੀ ਮੁਤਾਬਕ ਕਿਸਾਨ ਯੂਨੀਅਨ ਦਾ ਆਰੋਪ ਹੈ ਕਿ ਬਰਨਾਲਾ ਜ਼ਿਲ੍ਹੇ ਦੀ ਹੱਦ ‘ਤੇ ਪੈਂਦੇ ਪਿੰਡ ਬਡਬਰ ਉੱਤੇ ਲੱਗੇ ਟੋਲ ਪਲਾਜ਼ੇ ਦੇ ਕਰਮਚਾਰੀਆਂ ਨੇ ਕਿਸਾਨ ਆਗੂਆਂ ਨਾਲ ਪਰਚੀ ਕੱਟਣ ਨੂੰ ਲੈ ਕੇ ਦੁਰਵਿਵਹਾਰ ਕੀਤਾ ਅਤੇ ਭੱਦੀ ਸ਼ਬਦਾਵਲੀ ਵਰਤੀ, ਜਿਸ ਦੇ ਵਿਰੋਧ ਵਿਚ ਅੱਜ ਕਿਸਾਨ ਯੂਨੀਅਨ ਨੇ ਸੜਕ ਜਾਮ ਕਰਕੇ ਧਰਨਾ ਦਿੱਤਾ ਅਤੇ ਟੋਲ ਪਲਾਜ਼ੇ ਤੋਂ ਗੱਡੀਆਂ ਨੂੰ ਬਿਨਾਂ ਪਰਚੀ ਦੇ ਲੰਘਾਇਆ । ਧਰਨਾ ਦੇ ਰਹੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਟੋਲ ਪਲਾਜ਼ਾ ਵੱਲੋਂ ਸਾਲ 2019 ਵਿਚ ਸਮਝੌਤਾ ਕੀਤਾ ਗਿਆ ਸੀ ਕਿ ਜਿਨ੍ਹਾਂ ਕਿਸਾਨ ਆਗੂਆਂ ਕੋਲ ਯੂਨੀਅਨ ਦਾ ਝੰਡਾ ਅਤੇ ਬੈਚ ਹੋਵੇਗਾ, ਉਸਦੇ ਵਾਹਨ ਦੀ ਪਰਚੀ ਨਹੀਂ ਕੱਟੀ ਜਾਵੇਗੀ ਪਰ ਇਸਦੇ ਬਾਵਜੂਦ ਵੀ ਟੋਲ ਕਰਮੀਆਂ ਨੇ ਕਿਸਾਨ ਆਗੂਆਂ ਦੀ ਪਰਚੀ ਕੱਟੀ ਅਤੇ ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ ਹੈ ਜਿਸ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉੱਥੇ ਹੀ ਇਸ ਮਾਮਲੇ ਵਿਚ ਟੋਲ ਪਲਾਜ਼ੇ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਜਿਸ ਕਿਸਾਨ ਆਗੂ ਨਾਲ ਦੁਰਵਿਵਹਾਰ ਕਰਨ ਗੱਲ ਕਹੀ ਜਾ ਰਹੀ ਹੈ, ਉਸ ਦੀ ਗੱਡੀ ਉੱਤੇ ਝੰਡਾ ਨਹੀਂ ਲੱਗਿਆ ਹੋਇਆ ਸੀ, ਜਿਸ ਕਰਕੇ ਕਰਮਚਾਰੀ ਨੂੰ ਪਤਾ ਨਹੀਂ ਚੱਲਿਆ ਅਤੇ ਉਸਦੀ ਪਰਚੀ ਕੱਟਣ ਨੂੰ ਲੈ ਕੇ ਬਹਿਸ ਹੋ ਗਈ। ਅਧਿਕਾਰੀ ਦਾ ਕਹਿਣਾ ਸੀ ਕਿ ਕਿਸਾਨ ਯੂਨੀਅਨ ਦੇ ਆਗੂਆਂ ਦੀ ਜਿਹੜੀ ਵੀ ਗੱਡੀ ਉੱਤੇ ਯੂਨੀਅਨ ਦਾ ਝੰਡਾ ਲੱਗਿਆ ਹੁੰਦਾ ਹੈ, ਉਸਦੀ ਪਰਚੀ ਨਹੀਂ ਕੱਟੀ ਜਾਂਦੀ ਹੈ।

Leave a Reply

Your email address will not be published. Required fields are marked *