ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਦਸੰਬਰ 2019 ਦੇ ਅਖੀਰ ਵਿਚ ਹੋਈ ਸੀ,ਜਿਸ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿਚ ਇਸ ਨੇ ਆਪਣੇ ਪੈਰ ਜਮ੍ਹਾ ਲਏ ਹਨ। ਹੁਣ ਵਿਸ਼ਵ ਸਿਹਤ ਸੰਗਠਨ ਦੀ ਇਕ ਟੀਮ ਇਹ ਜਾਣਨ ਲਈ ਚੀਨ ਜਾਵੇਗੀ ਕਿ ਆਖਿਰਕਾਰ ਇਸ ਮਹਾਂਮਾਰੀ ਦੀ ਸ਼ੁਰੂਆਤ ਕਿਵੇ ਹੋਈ ਸੀ। WHO ਦੇ ਦੋ ਮਾਹਰ ਅਗਲੇ ਦੋ ਦਿਨ ਰਾਜਧਾਨੀ ਬੀਜਿੰਗ ਵਿਚ ਬਿਤਾਉਣਗੇ, ਜਿੱਥੇ ਇਸ ਦੀ ਜਾਂਚ ਲਈ ਤਿਆਰੀਆਂ ਸ਼ੁਰੂ ਹੋਣਗੀਆਂ।
ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਦੋ ਮਾਹਰਾਂ ਵਿਚ ਇਕ ਐਨੀਮਲ ਐਕਸਪਰਟ ਹੈ ਜਦਕਿ ਦੂਜਾ ਮਹਾਂਮਾਰੀ ਵਿਗਿਆਨੀ ਮਾਹਰ। ਜਾਂਚ ਵਿਚ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਇਹ ਵਾਇਰਸ ਜਾਨਵਰਾਂ ਤੋਂ ਇਨਸਾਨਾਂ ਵਿਚ ਕਿਵੇਂ ਆਇਆ ਹੈ। ਦਰਅਸਲ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਵਾਇਰਸ ਚਮਗਿੱਦੜਾਂ ਤੋਂ ਪੈਦਾ ਹੋਇਆ, ਫਿਰ ਪੈਂਗੋਲਿਨ ਵਰਗੇ ਹੋਰ ਥਣਧਾਰੀ ਜਾਵਨਰਾਂ ਵਿਚ ਫੈਲਿਆ ਅਤੇ ਇਸ ਤੋਂ ਬਾਅਦ ਇਸ ਨੇ ਇਨਾਸਾਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਉੱਥੇ ਹੀ ਦੂਜੇ ਪਾਸੇ ਭਵਿੱਖ ਵਿਚ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਚੀਨ ਨੇ ਕੁੱਝ ਜੰਗਲੀ ਜੀਵਾਂ ਦੇ ਵਪਾਰ ਅਤੇ ਕੁੱਝ ਮੀਟ ਬਜ਼ਾਰ ਬੰਦ ਕੀਤੇ ਹਨ। ਦੱਸ ਦਈਏ ਮਈ ਵਿਚ ਵਿਸ਼ਵ ਸਿਹਤ ਸੰਗਠਨ ਮਹਾਸਭਾ ਵਿਚ ਲਗਭਗ 120 ਦੇਸ਼ਾਂ ਨੇ ਇਸ ਵਾਇਰਸ ਦੇ ਫੈਲਣ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਚੀਨ ਨੇ ਕਿਹਾ ਸੀ ਕਿ ਕੋਰੋਨਾ ਨੂੰ ਕੰਟਰੋਲ ਵਿਚ ਕਰਨ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਇਸ ਦੀ ਜਾਂਚ ਲਈ ਚੀਨ ਆ ਸਕਦਾ ਹੈ।
ਇਹ ਵੀ ਦੱਸ ਦਈਏ ਕਿ ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 12,420,723 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 558,091 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 7,246,374 ਕੋਰੋਨਾ ਦੇ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,616,258 ਰਹਿ ਗਈ ਹੈ।ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,220,559 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 135,828 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,426,483W ਮਰੀਜ਼ ਠੀਕ ਵੀ ਹੋ ਚੁੱਕੇ ਹਨ।
