ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਚ ਹੋਈ ਹਿੰਸਾ ਨੂੰ ਲੈ ਕੇ ਲੋਕਸਭਾ ਵਿਚ ਆਪਣਾ ਜਵਾਬ ਰੱਖਿਆ ਹੈ। ਉਨ੍ਹਾਂ ਵਿਰੋਧੀ ਧੀਰ ਦੇ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ ਕਿ ਦੰਗਾ ਫੈਲਾਉਣ ਵਾਲੇ ਕਿਸੇ ਵੀ ਆਰੋਪੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਹੀ ਇਸ ਦੀ ਵਸੂਲੀ ਹੋਵੇਗੀ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਉੱਤੇ ਨਿਸ਼ਾਨਾਂ ਲਗਾਉਂਦਿਆ ਕਿਹਾ ਕਿ ਦੇਸ਼ ਵਿਚ ਸੱਭ ਤੋਂ ਵੱਡਾ ਦੰਗਾ 1984 ਵਿਚ ਹੋਇਆ ਸੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਦਿੱਲੀ ਹਿੰਸਾ ਵਿਚ ਕੁੱਲ 52 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ 24 ਫਰਵਰੀ ਨੂੰ ਪੁਲਿਸ ਨੂੰ ਹਿੰਸਾ ਦੀ ਪਹਿਲੀ ਸੂਚਨਾ ਮਿਲੀ ਅਤੇ 25 ਫਰਵਰੀ ਨੂੰ ਆਖਰੀ ਸੂਚਨਾ ਪ੍ਰਾਪਤ ਹੋਈ ਅਤੇ ਦਿੱਲੀ ਪੁਲਿਸ ਨੇ 36 ਘੰਟਿਆਂ ਵਿਚ ਹੀ ਹਿੰਸਾ ਉੱਤੇ ਕਾਬੂ ਪਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਜੇਕਰ ਉਹ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਜਾਂਦੇ ਤਾਂ ਪੁਲਿਸ ਉਨ੍ਹਾਂ ਦੀ ਸੁਰੱਖਿਆ ਵਿਚ ਹੀ ਲੱਗ ਜਾਂਦੀ ਇਸ ਕਰਕੇ ਉਨ੍ਹਾਂ ਦੇ ਕਹਿਣ ਉੱਤੇ ਅਜਿਤ ਡੋਭਾਲ ਉੱਥੇ ਗਏ ਸਨ।

ਗ੍ਰਹਿ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਹਿੰਸਾ ਫੈਲਾਉਣ ਵਾਲਿਆਂ ਲਈ ਦਿੱਲੀ ਪੁਲਿਸ ਨੇ ਪੂਰੀ ਵਿਵਸਥਾ ਕਰ ਲਈ ਹੈ ਅਤੇ ਹੁਣ ਤੱਕ 700 ਐਫਆਈਆਰ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੰਗਿਆ ਪਿੱਛੇ ਇਕ ਵੱਡੀ ਸਾਜਿਸ਼ ਸੀ ਅਤੇ ਦੰਗਾ ਫੈਲਾਉਣ ਲਈ 300 ਲੋਕ ਯੂਪੀ ਤੋਂ ਦਿੱਲੀ ਵਿਚ ਆਏ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 100 ਤੋਂ ਜਿਆਦਾ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਦੰਗਾ ਫੈਲਾਉਣ ਵਾਲੇ ਆਰੋਪੀਆਂ ਵਿਰੁੱਧ ਕਾਰਵਾਈ ਜਾਰੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਗੇ ਕਾਂਗਰਸ ਉੱਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਦੇਸ਼ ਵਿਚ ਸੱਭ ਤੋਂ ਜਿਆਦਾ ਦੰਗੇ 1984 ਵਿਚ ਹੋਏ ਹਨ ਜਦੋਂ 3 ਹਜ਼ਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ 1984 ਤੋਂ ਲੈ ਕੇ 2014 ਤੱਕ ਕਿਸੇ ਵੀ ਕਾਂਗਰਸ ਨੇਤਾ ਉੱਤੇ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਹੀ ਇਸ ਵਿਚ ਅੱਗੇ ਦੀ ਕਾਰਵਾਈ ਹੋਈ ਹੈ। ਅਮਿਤ ਸ਼ਾਹ ਨੇ ਕਿਹਾ ਕਿ ਮੈ ਦੰਗੇ ਵਿਚ ਮਾਰੇ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਾਂ ਅਤੇ ਭਰੋਸਾ ਦਿੰਦਾ ਹਾਂ ਕਿ ਕਿਸੇ ਦੋਸ਼ੀ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
