ਮੁੰਬਈ: ਸਿਨੇਮਾ ਪ੍ਰੇਮੀਆਂ ਦਾ ਲੰਬਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਸਾਲ 2012 ਦੀ ਸੁਪਰਹਿੱਟ ਫ਼ਿਲਮ ‘ਕਾਕਟੇਲ’ ਦੇ ਸ਼ਾਨਦਾਰ ਸਫ਼ਰ ਤੋਂ ਬਾਅਦ, ਹੁਣ ਨਿਰਦੇਸ਼ਕ ਹੋਮੀ ਅਦਜਾਨੀਆ ਇਸ ਦਾ ਸੀਕਵਲ ‘ਕਾਕਟੇਲ 2’ (Cocktail 2) ਲੈ ਕੇ ਹਾਜ਼ਰ ਹੋ ਗਏ ਹਨ, ਜਿਸ ਦਾ ਧਮਾਕੇਦਾਰ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਟ੍ਰੇਲਰ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਕਾਫ਼ੀ ਚਰਚਾ ਛਿੜ ਗਈ ਹੈ।
ਟ੍ਰੇਲਰ ਦੇਖ ਕੇ ਇੰਟਰਨੈੱਟ ਯੂਜ਼ਰਸ ਨੇ ਦਿੱਤਾ ਅਜਿਹਾ ਰਿਐਕਸ਼ਨ
ਫ਼ਿਲਮ ਦਾ ਟ੍ਰੇਲਰ ਡ੍ਰੌਪ ਹੁੰਦੇ ਹੀ ਨੈਟੀਜ਼ਨਸ ਇਸ ਦੀ ਰੇਟਿੰਗ ਅਤੇ ਸਮੀਖਿਆ ਕਰਨ ਵਿੱਚ ਜੁਟ ਗਏ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, “ਇਹ ਫ਼ਿਲਮ ਅੱਜ ਦੇ ਦੌਰ ਦੇ ਪਿਆਰ, ਰਿਸ਼ਤਿਆਂ ਅਤੇ ਉਸ ਦੇ ਉਤਾਰ-ਚੜ੍ਹਾਅ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕਰਦੀ ਹੈ।” ਉੱਥੇ ਹੀ ਇੱਕ ਹੋਰ ਪ੍ਰਸ਼ੰਸਕ ਦਾ ਕਹਿਣਾ ਸੀ ਕਿ ਕਿਰਦਾਰਾਂ ਦੀ ਆਪਸੀ ਉਲਝਣ ਅਤੇ ਕਹਾਣੀ ਦਾ ਸਸਪੈਂਸ ਫ਼ਿਲਮ ਨੂੰ ਹੋਰ ਵੀ ਦਿਲਚਸਪ ਬਣਾਉਂਦਾ ਹੈ।
ਬਦਲ ਗਈ ਪੂਰੀ ਸਟਾਰ ਕਾਸਟ
ਜਿੱਥੇ ਪਹਿਲੀ ਫ਼ਿਲਮ ਵਿੱਚ ਸੈਫ਼ ਅਲੀ ਖ਼ਾਨ, ਦੀਪਿਕਾ ਪਾਦੂਕੋਣ ਅਤੇ ਡਾਇਨਾ ਪੈਂਟੀ ਦੀ ਕੈਮਿਸਟਰੀ ਨੇ ਸਿਲਵਰ ਸਕ੍ਰੀਨ ‘ਤੇ ਅੱਗ ਲਾਈ ਸੀ, ਉੱਥੇ ਹੀ ‘ਕਾਕਟੇਲ 2’ ਵਿੱਚ ਬਿਲਕੁਲ ਨਵੀਂ ਸਟਾਰ ਕਾਸਟ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ *ਸ਼ਾਹਿਦ ਕਪੂਰ, ਕ੍ਰਿਤੀ ਸੈਨਨ ਅਤੇ ਰਸ਼ਮਿਕਾ ਮੰਦਾਨਾ* ਨਿਭਾ ਰਹੇ ਹਨ। ਫ਼ਿਲਮ ਵਿੱਚ ਸ਼ਾਹਿਦ ਦੇ ਕਿਰਦਾਰ ਦਾ ਨਾਂ ‘ਕੁਨਾਲ’, ਕ੍ਰਿਤੀ ਦਾ ‘ਐਲੀ’ ਅਤੇ ਰਸ਼ਮਿਕਾ ‘ਦੀਆ’ ਦੇ ਰੋਲ ਵਿੱਚ ਨਜ਼ਰ ਆਵੇਗੀ।
ਵਿਆਹ ਤੋਂ ਬਾਅਦ ਰਸ਼ਮਿਕਾ ਦੀ ਪਹਿਲੀ ਫ਼ਿਲਮ
ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਜੋੜੀ ਨੂੰ ਇਸ ਤੋਂ ਪਹਿਲਾਂ ਫ਼ਿਲਮ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਵਿੱਚ ਦਰਸ਼ਕਾਂ ਨੇ ਬੇਹੱਦ ਪਿਆਰ ਦਿੱਤਾ ਸੀ। ਹੁਣ ਪ੍ਰਸ਼ੰਸਕ ਇਸ ਹਿੱਟ ਜੋੜੀ ਨੂੰ ਸਾਊਥ ਸੁਪਰਸਟਾਰ ਰਸ਼ਮਿਕਾ ਮੰਦਾਨਾ ਨਾਲ ਦੇਖਣ ਲਈ ਕਾਫ਼ੀ ਉਤਸ਼ਾਹਿਤ ਹਨ। ਖ਼ਾਸ ਗੱਲ ਇਹ ਹੈ ਕਿ ਤੇਲਗੂ ਸਟਾਰ ਵਿਜੇ ਦੇਵਰਕੋਂਡਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਬਾਅਦ ਰਸ਼ਮਿਕਾ ਦੀ ਇਹ ਪਹਿਲੀ ਰਿਲੀਜ਼ ਹੋਣ ਵਾਲੀ ਫ਼ਿਲਮ ਹੈ।
ਇਮਤਿਆਜ਼ ਅਲੀ ਦੀ ਫ਼ਿਲਮ ਨਾਲ ਹੋਵੇਗੀ ਟੱਕਰ
ਪਹਿਲੀ ‘ਕਾਕਟੇਲ’ ਦੀ ਕਹਾਣੀ ਮਸ਼ਹੂਰ ਲੇਖਕ-ਨਿਰਦੇਸ਼ਕ ਇਮਤਿਆਜ਼ ਅਲੀ ਨੇ ਲਿਖੀ ਸੀ, ਪਰ ਇਸ ਵਾਰ ਕਹਾਣੀ ਦੀ ਕਮਾਨ ਤਰੁਣ ਜੈਨ ਅਤੇ ਲਵ ਰੰਜਨ ਦੇ ਹੱਥਾਂ ਵਿੱਚ ਹੈ। ਫ਼ਿਲਮ ਦਾ ਸੰਗੀਤ ਪ੍ਰੀਤਮ ਨੇ ਤਿਆਰ ਕੀਤਾ ਹੈ ਅਤੇ ਗੀਤ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ। ਦਿਨੇਸ਼ ਵਿਜਾਨ ਅਤੇ ਲਵ ਰੰਜਨ ਵੱਲੋਂ ਪ੍ਰੋਡਿਊਸ ਕੀਤੀ ਗਈ ਇਹ ਫ਼ਿਲਮ *19 ਜੂਨ* ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਦਿਲਚਸਪ ਗੱਲ ਇਹ ਹੈ ਕਿ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਯਾਨੀ 12 ਜੂਨ ਨੂੰ ਇਮਤਿਆਜ਼ ਅਲੀ ਦੀ ਫ਼ਿਲਮ ‘ਮੈਂ ਵਾਪਸ ਆਊਂਗਾ’ ਵੀ ਰਿਲੀਜ਼ ਹੋ ਰਹੀ ਹੈ, ਜਿਸ ਕਾਰਨ ਬਾਕਸ ਆਫਿਸ ‘ਤੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ।



