ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਹੌਜ਼ ਰਾਣੀ ਸਥਿਤ ਇੱਕ ਰੈਸਟੋਰੈਂਟ ਅਤੇ ਗੇਸਟ ਹਾਊਸ ਵਿੱਚ ਬੁੱਧਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 37 ਦੇ ਕਰੀਬ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਦਿੱਲੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।
ਸਵੇਰੇ 8:48 ਵਜੇ ਵਾਪਰਿਆ ਹਾਦਸਾ
ਦੱਖਣੀ ਦਿੱਲੀ ਦੇ ਡੀਸੀਪੀ (DCP) ਅਨੰਤ ਮਿੱਤਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਪੁਲਿਸ ਨੂੰ ਸਵੇਰੇ ਕਰੀਬ 08:48 ਵਜੇ ਮਾਲਵੀਆ ਨਗਰ ਦੇ ‘ਫਲੋਰਿਸ਼ ਸਟੇਅ B&B’ (ਲੈਮਨ ਗ੍ਰੀਨ ਰੈਸਟੋਰੈਂਟ) ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਪੁਲਿਸ, ਫਾਇਰ ਸਰਵਿਸ, DDMA ਅਤੇ CATS ਐਂਬੂਲੈਂਸ ਦੀਆਂ ਟੀਮਾਂ ਨੇ ਆਪਸੀ ਤਾਲਮੇਲ ਨਾਲ ਕਾਰਵਾਈ ਕਰਦਿਆਂ 40 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ। ਕੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।
6 ਕਮਰਿਆਂ ਦੀ ਮਨਜ਼ੂਰੀ ‘ਤੇ ਚੱਲ ਰਹੇ ਸਨ 25 ਕਮਰੇ
ਮੁੱਢਲੀ ਜਾਂਚ ਵਿੱਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਅਤੇ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਨੂੰ ਸਿਰਫ਼ 6 ਕਮਰੇ ਬਣਾਉਣ ਦੀ ਇਜਾਜ਼ਤ (ਪਰਮਿਸ਼ਨ) ਸੀ, ਪਰ ਇੱਥੇ ਗੈਰ-ਕਾਨੂੰਨੀ ਤੌਰ ‘ਤੇ 25 ਕਮਰੇ ਬਣਾਏ ਗਏ ਸਨ। ਨੇੜੇ ਹੀ ਸਾਕਤ ਸਥਿਤ ਮੈਕਸ ਹਸਪਤਾਲ ਹੋਣ ਕਾਰਨ ਇੱਥੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਇਲਾਜ ਲਈ ਆਉਂਦੇ ਹਨ ਅਤੇ ਇਸੇ ਹੋਟਲ ਵਿੱਚ ਠਹਿਰਦੇ ਸਨ। ਦਿੱਲੀ ਪੁਲਿਸ ਮੁਤਾਬਕ ਅੱਗ ਦੀ ਲਪੇਟ ਵਿੱਚ ਆ ਕੇ ਜਾਨ ਗਵਾਉਣ ਵਾਲਿਆਂ ਵਿੱਚ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਸ਼ਾਮਲ ਹਨ।
ਗੁਰੂਗ੍ਰਾਮ ਦੇ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ
ਇਸ ਹਾਦਸੇ ਨੇ ਹਰਿਆਣਾ ਦੇ ਗੁਰੂਗ੍ਰਾਮ ਦੇ ਇੱਕ ਹੱਸਦੇ-ਖੇਡਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ। ਗੁਰੂਗ੍ਰਾਮ ਦੇ ਰਹਿਣ ਵਾਲੇ ਵਿਵੇਕ ਅਗਰਵਾਲ ਆਪਣੇ ਪਿਤਾ ਦੇ ਮੈਕਸ ਹਸਪਤਾਲ ਵਿੱਚ ਦਾਖਲ ਹੋਣ ਕਾਰਨ ਆਪਣੀ ਪਤਨੀ, ਦੋ ਧੀਆਂ ਅਤੇ ਹੋਰ ਰਿਸ਼ਤੇਦਾਰਾਂ ਨਾਲ ਇਸੇ ਗੇਸਟ ਹਾਊਸ ਵਿੱਚ ਰੁਕੇ ਹੋਏ ਸਨ। ਬੁੱਧਵਾਰ ਸਵੇਰੇ ਉਨ੍ਹਾਂ ਦੇ ਮਾਮਾ-ਮਾਮੀ ਅਤੇ ਮੌਸਾ-ਮੌਸੀ ਵੀ ਉਨ੍ਹਾਂ ਨੂੰ ਮਿਲਣ ਆਏ ਸਨ। ਇਸ ਭਿਆਨਕ ਅੱਗ ਵਿੱਚ ਵਿਵੇਕ ਅਗਰਵਾਲ, ਉਨ੍ਹਾਂ ਦੀ ਵੱਡੀ ਬੇਟੀ ਜੀਵਿਸ਼ਾ ਸਮੇਤ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਹੈ। ਹਸਪਤਾਲ ਦੇ ਬਾਹਰ ਮੌਜੂਦ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਵੇਕ ਦੀ ਪਤਨੀ ਅਤੇ ਛੋਟੀ ਬੇਟੀ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਗਟਾਇਆ ਡੂੰਘਾ ਦੁੱਖ
ਇਸ ਦਰਦਨਾਕ ਹਾਦਸੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀਐਮ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ (ਅਨੁਗ੍ਰਹਿ ਰਾਸ਼ੀ) ਦੇਣ ਦਾ ਐਲਾਨ ਕੀਤਾ ਹੈ।



