ਅੰਮ੍ਰਿਤਸਰ : ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ‘ਤੇ ਹੋ ਰਹੇ ਅੱਤਿਆਚਾਰਾਂ ਅਤੇ ਦੀਪੂ ਦਾਸ ਨਾਲ ਵਾਪਰੀ ਮੰਦਭਾਗੀ ਘਟਨਾ ਦੇ ਵਿਰੋਧ ਵਿੱਚ ਅੱਜ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਭਾਰੀ ਰੋਸ ਵੇਖਣ ਨੂੰ ਮਿਲਿਆ। ਦੁਰਗਿਆਣਾ ਕਮੇਟੀ ਦੀ ਅਗਵਾਈ ਹੇਠ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਬੰਗਲਾਦੇਸ਼ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਗੁੱਸੇ ਦਾ ਪ੍ਰਗਟਾਵਾ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਮੰਦਰ ਦੇ ਬਾਹਰ ਜ਼ਮੀਨ ‘ਤੇ ਬੰਗਲਾਦੇਸ਼ ਦਾ ਝੰਡਾ ਬਣਾ ਕੇ ਉਸ ਨੂੰ ਪੈਰਾਂ ਹੇਠ ਰੱਖਿਆ, ਜੋ ਕਿ ਉੱਥੇ ਰਹਿ ਰਹੇ ਹਿੰਦੂਆਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਦੇ ਅੰਦਰੂਨੀ ਰੋਸ ਨੂੰ ਦਰਸਾਉਂਦਾ ਹੈ।
‘1971 ਦੀਆਂ ਕੁਰਬਾਨੀਆਂ ਭੁੱਲਿਆ ਬੰਗਲਾਦੇਸ਼‘
ਰੋਸ ਪ੍ਰਦਰਸ਼ਨ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਦੁਰਗਿਆਣਾ ਕਮੇਟੀ ਦੇ ਮੈਂਬਰ ਰਮੇਸ਼ ਕੁਮਾਰ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਦੀਪੂ ਦਾਸ ਨਾਲ ਜੋ ਅਣਮਨੁੱਖੀ ਵਿਵਹਾਰ ਹੋਇਆ ਹੈ, ਉਸ ਨੇ ਹਰ ਭਾਰਤੀ ਦੀ ਆਤਮਾ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਇਤਿਹਾਸ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਬੰਗਲਾਦੇਸ਼ ਭਾਰਤ ਦੀਆਂ ਕੁਰਬਾਨੀਆਂ ਸਦਕਾ ਹੀ ਹੋਂਦ ਵਿੱਚ ਆਇਆ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਹੁਣ ਸਖ਼ਤ ਫੈਸਲਾ ਨਾ ਲਿਆ ਤਾਂ ਇਹ ਹਿੰਸਾ ਹੋਰ ਵਧ ਸਕਦੀ ਹੈ।
‘ਹਿੰਦੂਆਂ ‘ਤੇ ਅੱਤਿਆਚਾਰ ਬਰਦਾਸ਼ਤ ਨਹੀਂ‘
ਦੁਰਗਿਆਣਾ ਕਮੇਟੀ ਦੀ ਪ੍ਰਧਾਨ ਅਤੇ ਸੀਨੀਅਰ ਆਗੂ ਲਖਮੀ ਕਾਂਤ ਚਾਵਲਾ ਨੇ ਇਸ ਮੌਕੇ ਬੰਗਲਾਦੇਸ਼ ਵਿੱਚ ਮੌਜੂਦਾ ਹਾਲਾਤ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਰੋਸ ਸਿਰਫ਼ ਦੀਪੂ ਦਾਸ ਲਈ ਨਹੀਂ, ਸਗੋਂ ਹਰ ਉਸ ਹਿੰਦੂ ਲਈ ਹੈ ਜਿਸ ਦੀਆਂ ਧੀਆਂ ਦਾ ਅਪਮਾਨ ਹੋ ਰਿਹਾ ਹੈ ਅਤੇ ਜਿਨ੍ਹਾਂ ਦੇ ਘਰਾਂ ਨੂੰ ਅੱਗ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਜਬਰੀ ਨੌਕਰੀਆਂ ਛੱਡਣ ਲਈ ਮਜਬੂਰ ਕਰਨਾ ਅਤਿ ਨਿੰਦਣਯੋਗ ਹੈ। ਲਖਮੀ ਕਾਂਤ ਚਾਵਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬੰਗਲਾਦੇਸ਼ ਸਰਕਾਰ ‘ਤੇ ਕੌਮਾਂਤਰੀ ਦਬਾਅ ਬਣਾਇਆ ਜਾਵੇ ਤਾਂ ਜੋ ਉੱਥੇ ਘੱਟ ਗਿਣਤੀਆਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਈ ਜਾ ਸਕੇ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



