ਬਟਾਲਾ : ਬਟਾਲਾ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਅਤੇ ਸਨਸਨੀ ਫੈਲ ਗਈ ਜਦੋਂ ਘਰ ਦੇ ਬਾਹਰ ਸੈਰ ਕਰ ਰਹੇ ਕਰੀਬ 35 ਸਾਲਾ ਨੌਜਵਾਨ ਨੂੰ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਫਲਜੀਤ ਸਿੰਘ ਉਰਫ਼ ਲਾਲੀ ਪੁੱਤਰ ਸੁਲੱਖਣ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਫਲਜੀਤ ਸਿੰਘ ਜਦੋਂ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਕੁਝ ਵਿਅਕਤੀ ਪੈਦਲ ਉੱਥੇ ਆਏ ਅਤੇ ਗੱਲਬਾਤ ਦੌਰਾਨ ਹੋਈ ਤਲਖ਼ ਕਲਾਮੀ ਤੋਂ ਬਾਅਦ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਪਰਿਵਾਰ ਉਸ ਨੂੰ ਬਟਾਲਾ ਸਿਵਲ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕੰਬਾਈਨ ਦੇ ਕੰਮ ਨੂੰ ਲੈ ਕੇ ਚੱਲ ਰਹੀ ਸੀ ਰੰਜਿਸ਼
ਪਰਿਵਾਰਕ ਮੈਂਬਰਾਂ ਅਤੇ ਮ੍ਰਿਤਕ ਦੇ ਚਾਚਾ ਨੇ ਖੁਲਾਸਾ ਕੀਤਾ ਹੈ ਕਿ ਇਸ ਵਾਰਦਾਤ ਦੇ ਪਿੱਛੇ ਸ਼ਰੀਕੇ ਦੀ ਪੁਰਾਣੀ ਰੰਜਿਸ਼ ਹੈ। ਉਨ੍ਹਾਂ ਦੱਸਿਆ ਕਿ ਸ਼ਰੀਕੇ ਵਿੱਚ ਪਹਿਲਾਂ ਤੋਂ ਹੀ ਇੱਕ ਕੰਬਾਈਨ ਮੌਜੂਦ ਸੀ ਅਤੇ ਜਦੋਂ ਫਲਜੀਤ ਸਿੰਘ ਨੇ ਵੀ ਆਪਣੀ ਨਵੀਂ ਕੰਬਾਈਨ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਇਸ ਨਾਲ ਦੂਜੇ ਧਿਰ ਦਾ ਕੰਮ ਪ੍ਰਭਾਵਿਤ ਹੋਇਆ। ਇਸ ਗੱਲ ਦੀ ਰੰਜਿਸ਼ ਨੂੰ ਲੈ ਕੇ ਐਤਵਾਰ ਦੀ ਸ਼ਾਮ ਨੂੰ ਦੋਵਾਂ ਧਿਰਾਂ ਵਿਚਕਾਰ ਹੋਈ ਬਹਿਸ ਦੌਰਾਨ ਇਹ ਖ਼ੌਫ਼ਨਾਕ ਕਦਮ ਚੁੱਕਿਆ ਗਿਆ।
ਉਜੜ ਗਿਆ ਪਰਿਵਾਰ
ਇਸ ਦੁਖਦਾਈ ਘਟਨਾ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਮ੍ਰਿਤਕ ਦੀ ਮਾਤਾ ਮਨਜੀਤ ਕੌਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪਤੀ ਨੂੰ ਗੁਆਇਆ ਸੀ ਅਤੇ ਹੁਣ ਉਨ੍ਹਾਂ ਦੇ ਘਰ ਦਾ ਇਕੋ-ਇਕ ਸਹਾਰਾ ਅਤੇ ਪੰਜ ਭੈਣਾਂ ਦਾ ਇਕਲੌਤਾ ਭਰਾ ਫਲਜੀਤ ਸਿੰਘ ਵੀ ਇਸ ਦੁਨਿਆ ਤੋਂ ਤੁਰ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਗਿਆ ਹੈ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਸਮਝ ਨਹੀਂ ਪਾ ਰਹੀ ਕਿ ਇਸ ਵੱਡੇ ਸਦਮੇ ਤੋਂ ਬਾਅਦ ਉਹ ਆਪਣਾ ਬਾਕੀ ਜੀਵਨ ਕਿਵੇਂ ਕੱਟਣਗੇ।
ਪੁਲਿਸ ਪ੍ਰਸ਼ਾਸਨ ਦਾ ਬਿਆਨ ਅਤੇ ਅਗਲੀ ਕਾਰਵਾਈ
ਬਟਾਲਾ ਸਿਵਲ ਹਸਪਤਾਲ ਦੇ ਡਾਕਟਰ ਵਿਪਨਦੀਪ ਸਿੰਘ ਨੇ ਦੱਸਿਆ ਕਿ ਨੌਜਵਾਨ ਨੂੰ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ, ਜਿਸ ਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਦੂਜੇ ਪਾਸੇ ਡੀਐਸਪੀ ਅਮੋਲਕ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਵਾਰਦਾਤ ਸ਼ਰੀਕੇ ਦੀ ਰੰਜਿਸ਼ ਕਾਰਨ ਅਤੇ ਸ਼ਰੀਕੇ ਦੇ ਹੀ ਇੱਕ ਨੌਜਵਾਨ ਵੱਲੋਂ ਅੰਜਾਮ ਦਿੱਤੀ ਗਈ ਹੈ। ਪੁਲਿਸ ਵੱਲੋਂ ਮੌਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Murder of Liv In Partner : ਲਿਵ-ਇਨ ਪਾਰਟਨਰ ਨੇ ਪ੍ਰੇਮਿਕਾ ਦਾ ਕੀਤਾ ਕਤਲ, ਲਾਸ਼ ਨਹਿਰ ਵਿੱਚ ਸੁੱਟੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



