ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਪ੍ਰਸ਼ਾਸਨ ਦੇ ਹੱਥ ਅੱਜ ਇਕ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਜੇਲ੍ਹ ਪ੍ਰਸ਼ਾਸਨ ਨੇ ਅਜਿਹੇ ਤਿੰਨ ਸਮਾਜੇਸਵੀ ਦੱਸਣ ਵਾਲੇ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਹੈ ਜਿਹੜੇ ਕੈਦੀਆਂ ਨੂੰ ਮਾਸਕ ਵੰਡਣ ਦੀ ਆੜ ਵਿਚ ਜੇਲ੍ਹ ‘ਚ ਬੰਦ ਇਕ ਖਤਰਨਾਕ ਗੈਂਗਸਟਰ ਨੂੰ ਮੋਬਾਇਲ ਸਪਲਾਈ ਕਰਨਾ ਚਾਹੁੰਦੇ ਸਨ। ਗਿਰਫਤਾਰ ਵਿਅਕਤੀਆਂ ਵਿਚ ਇਕ ਪੰਜਾਬ ਪੁਲਿਸ ਦਾ ਏਐਸਆਈ ਵੀ ਸ਼ਾਮਿਲ ਹੈ।
ਜਾਣਕਾਰੀ ਅਨੁਸਾਰ ਇਹ ਤਿੰਨੋਂ ਵਿਅਕਤੀ ਆਪਣੇ ਆਪ ਨੂੰ ਕਿਸੇ ਸਮਾਜਸੇਵੀ ਸੰਸਥਾਂ ਨਾਲ ਸਬੰਧਿਤ ਦੱਸ ਕੇ ਕੋਰੋਨਾ ਮਹਾਮਾਰੀ ਤੋਂ ਬੱਚਣ ਲਈ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਪੀਪੀਈ ਕਿੱਟਾਂ, 1500 ਮਾਸਕ ਅਤੇ 1000 ਸੈਨਾਟਾਈਜ਼ਰ ਵੰਡਣ ਲਈ ਆਏ ਸਨ। ਇਸ ਦੇ ਨਾਲ ਹੀ ਇਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਪਣੇ ਇਕ ਸਾਥੀ ਜਿਸ ਦਾ ਨਾਮ ਦੀਪਕ ਹੈ, ਉਸ ਨੂੰ ਕੈਰਮਬੋਰਡ ਅਤੇ ਐਨਰਜੀ ਸਪਲੀਮੈਂਟ ਆਦਿ ਦੇਣਾ ਚਾਹੁੰਦੇ ਹਨ ਪਰ ਜਦੋਂ ਜੇਲ੍ਹ ਅਧਿਕਾਰੀਆਂ ਨੇ ਦੀਪਕ ਬਾਰੇ ਸੁਣਿਆਂ ਤਾਂ ਉਨ੍ਹਾਂ ਨੂੰ ਕੁੱਝ ਸ਼ੱਕ ਹੋਇਆ ਕਿਉਂਕਿ ਦੀਪਕ ਇਕ ‘ਏ’ ਕੈਟਾਗੀਰੀ ਦਾ ਗੈਂਗਸਟਰ ਹੈ ਅਤੇ ਜੇਲ੍ਹ ਦੇ ਉੱਚ ਸੁਰੱਖਿਅਤ ਜੋਨ ਵਿਚ ਬੰਦ ਹੈ ਇਸ ਲਈ ਅਧਿਕਾਰੀਆਂ ਨੇ ਉਨ੍ਹਾਂ ਦੇ ਕੈਰਮਬੋਰਡ ਦੀ ਚੰਗੀ ਤਰ੍ਹਾ ਤਲਾਸ਼ੀ ਲਈ ਜਿਸ ਵਿਚ ਛਿਪਾਏ 5 ਮੋਬਾਇਲ ਫੋਨ, ਦੋ ਚਾਰਜਰ, ਦੋ ਡਾਲਾ ਕੇਬਲ, ਤਿੰਨ ਹੈਡਫੋਨ ਅਤੇ 38 ਹਜ਼ਾਰ ਰੁਪਏ ਨਕਦ ਬਰਾਮਦ ਹੋਏ ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਤਿੰਨ ਮੁਲਜ਼ਮਾਂ ਨੂੰ ਗਿਰਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ। ਤਿੰਨਾਂ ਵਿਚੋਂ ਇਕ ਮੁਲਜ਼ਮ ਪੰਜਾਬ ਪੁਲਿਸ ਦਾ ਏਐਸਆਈ ਹੈ ਜੋ ਕਿ ਲੋਕਲ ਹੀ ਪੁਲਿਸ ਥਾਣੇ ਵਿਚ ਤਾਇਨਾਤ ਸੀ। ਸ਼ੁਰੂਆਤੀ ਪੁੱਛਗਿੱਛ ਵਿਚ ਪਤਾ ਚੱਲਿਆ ਹੈ ਕਿ ਇਹ ਕਿਸੇ ਵੀ ਸੰਸਥਾ ਨਾਲ ਨਹੀਂ ਜੁੜੇ ਸਨ ਅਤੇ ਕੇਵਲ ਆਪਣੇ ਸਾਥੀ ਗੈਂਗਸਟਰ ਦੀਪਕ ਨੂੰ ਮੋਬਾਇਲ ਫੋਨ ਦੇਣਾ ਚਾਹੁੰਦੇ ਸਨ।

