ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਇਸ ਮਹਾਮਾਰੀ ਦਾ ਖਤਰਾ ਦੇਸ਼ ਦੀ ਸੱਭ ਤੋਂ ਸੁਰੱਖਿਅਤ ਜੇਲ੍ਹ ਮੰਨੀ ਜਾਂਦੀ ਦਿੱਲੀ ਦੀ ਤਿਹਾੜ ਜੇਲ੍ਹ ਉੱਤੇ ਵੀ ਮੰਡਰਾ ਰਿਹਾ ਹੈ। ਦਰਅਸਲ ਕੁੱਝ ਦਿਨ ਪਹਿਲਾਂ ਰੇਪ ਦਾ ਆਰੋਪ ਵਿਚ ਇਕ ਆਰੋਪੀ ਨੂੰ ਤਿਹਾੜ ਜੇਲ੍ਹ ਲਿਆਇਆ ਗਿਆ ਸੀ ਅਤੇ ਜਿਸ ਲੜਕੀ ਨਾਲ ਉਸ ਨੇ ਰੇਪ ਕੀਤਾ ਸੀ ਹੁਣ ਉਸ ਦੀ ਜਾਂਚ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪੀੜਤ ਲੜਕੀ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਰੇਪ ਦੇ ਆਰੋਪੀ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਰਹਿ ਰਹੇ ਦੋ ਹੋਰ ਕੈਦੀਆਂ ਨੂੰ ਵੀ ਵੱਖ-ਵੱਖ ਕਰ ਦਿੱਤਾ ਗਿਆ ਹੈ। ਇਹ ਮਾਮਲਾ ਜੇਲ੍ਹ ਨੰਬਰ 2 ਦਾ ਦੱਸਿਆ ਜਾ ਰਿਹਾ ਹੈ। ਜੇਲ੍ਹ ਨੰਬਰ ਦੋ ਵਿਚ ਅੰਡਰਵਰਲਡ ਡੋਨ ਛੋਟਾ ਰਾਜਨ ਅਤੇ ਬਿਹਾਰ ਦੇ ਬਾਹੂਬਲੀ ਮਾਫੀਆ ਡਾਨ ਸ਼ਹਾਬੁਦੀਨ ਵੀ ਬੰਦ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਦੇ ਸੰਪਰਕ ਵਿਚ ਨਹੀਂ ਆਏ ਸੀ ਅਤੇ ਇਨ੍ਹਾਂ ਦਾ ਜੇਲ੍ਹ ਵਿਚ ਸੈਲ ਵੱਖ ਹੈ। ਉੱਥੇ ਹੀ ਰੇਪ ਦੇ ਆਰੋਪੀ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ ਜਿਸ ਦੀ ਅੱਜ ਸੋਮਵਾਰ ਨੂੰ ਹੀ ਆਉਣ ਦੀ ਸੰਭਾਵਨਾ ਹੈ। ਰਿਪੋਰਟਾਂ ਮੁਤਾਬਕ ਡੀਜੀ ਤਿਹਾੜ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਲ੍ਹ ਵਿਚ ਆਏ ਸਾਰੇ ਨਵੇਂ ਕੈਦੀਆਂ ਨੂੰ ਵੱਖਰੀ ਸੈਲ ਵਿਚ 14 ਦਿਨ ਤੱਕ ਕੁਆਰੰਟਿੰਨ ਵਿਚ ਰੱਖਿਆ ਜਾਂਦਾ ਹੈ। ਇਸ ਲਈ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਖੈਰ ਹੁਣ ਆਰੋਪੀ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜੇਕਰ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਜੇਲ੍ਹ ਅਧਿਕਾਰੀਆਂ ਤੇ ਬਾਕੀਆਂ ਲਈ ਰਾਹਤ ਵਾਲੀ ਖਬਰ ਹੋਵੇਗੀ ਤੇ ਜੇਕਰ ਰਿਪੋਰਟ ਪਾਜ਼ੀਟਿਵ ਪਾਈ ਜਾਂਦੀ ਹੈ ਤਾਂ ਪੂਰੇ ਜੇਲ੍ਹ ਪ੍ਰਸ਼ਾਸਨ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।

