ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਮੁੜ ਤੋਂ ਬਾਜੀ ਮਾਰੀ ਹੈ। ਪਾਰਟੀ ਨੇ 70 ਵਿਚੋਂ 62 ਸੀਟਾਂ ਜਿੱਤ ਕੇ ਪੂਰਨ ਬਹੁਮੱਤ ਹਾਸਲ ਕੀਤਾ ਹੈ ਅਤੇ ਬਾਕੀ ਦੀਆਂ ਅੱਠ ਸੀਟਾਂ ਭਾਜਪਾ ਜਿੱਤਣ ਦੇ ਵਿਚ ਕਾਮਯਾਬ ਰਹੀ ਹੈ ਅਤੇ ਕਾਂਗਰਸ ਮੁੜ ਤੋਂ ਇਕ ਵਾਰ ਫਾਡੀ ਰਹੀ ਹੈ ਪਰ ਇਨ੍ਹਾਂ 70 ਵਿਧਾਨ ਸਭਾ ਸੀਟਾਂ ਵਿਚੋਂ ਇਕ ਅਜਿਹੀ ਸੀਟ ਵੀ ਹੈ ਜਿੱਥੇ ਇਕ ਪੈਂਚਰ ਲਗਾਉਣ ਵਾਲੇ ਦਾ ਬੇਟਾ ਦੂਜੀ ਵਾਰ ਆਮ ਆਦਮੀ ਪਾਰਟੀ ਦਾ ਐਮਐਲਏ ਬਣਿਆ ਹੈ।
ਦਰਅਸਲ ਜੰਗਪੁਰ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਵਿਧਾਇਕ ਬਣੇ ਪ੍ਰਵੀਨ ਕੁਮਾਰ ਦੇ ਪਿਤਾ ਟਾਇਰ ਪੈਂਚਰ ਲਗਾਉਣ ਦਾ ਕੰਮ ਕਰਦੇ ਹਨ। 35 ਸਾਲਾਂ ਦੇ ਪ੍ਰਵੀਨ ਕੁਮਾਰ ਮੂਲ ਰੂਪ ਨਾਲ ਮੱਧ ਪ੍ਰਦੇਸ਼ ਦੇ ਬੈਤੁਲ ਜਿਲ੍ਹੇ ਅਧੀਨ ਪੈਂਦੇ ਇਕ ਛੋਟੇ ਜਿਹੇ ਕਸਬੇ ਆਠਨੋਰ ਦੇ ਰਹਿਣ ਵਾਲੇ ਹਨ। ਪ੍ਰਵੀਨ ਕੁਮਾਰ ਦਾ ਬਚਪਨ ਸੰਘਰਸ਼ਾਂ ਦੇ ਵਿਚ ਬਿਤਿਆ ਹੈ। ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਕੁਮਾਰ ਨੇ ਆਠਨੋਰ ਵਿਚ ਪੜਾਈ ਕੀਤੀ ਅਤੇ ਫਿਰ ਉਹ ਭੋਪਾਲ ਚੱਲੇ ਗਏ ਅਤੇ ਉੱਥੇ ਟੀਆਟੀ ਕਾਲਜ ਵਿਚ ਬੀਸੀਏ ਅਤੇ ਐਮਬੀਏ ਕੀਤੀ।
ਆਪਣੇ ਬੱਚੇ ਦੀ ਪੜਾਈ ਜਾਰੀ ਰੱਖਣ ਲਈ ਉਨ੍ਹਾਂ ਦੇ ਪਿਤਾ ਪਡਰੀਨਾਥ ਦੇਸ਼ਮੁੱਖ ਵੀ ਭੋਪਾਲ ਆ ਗਏ ਅਤੇ ਇੱਥੇ ਪੈਂਚਰ ਲਗਾਉਣ ਅਤੇ ਟਾਇਰ ਰੀਮੋਲਡ ਕਰਨ ਦਾ ਕੰਮ ਕਰਕੇ ਪ੍ਰਵੀਨ ਨੂੰ ਚੰਗੀ ਸਿੱਖਿਆ ਦਿੱਤੀ। ਪੜਾਈ ਕਰਨ ਤੋਂ ਬਾਅਦ ਪ੍ਰਵੀਨ ਨੂੰ ਦਿੱਲੀ ਦੀ ਇਕ ਮਲਟੀਨੈਸ਼ਨਲ ਕੰਪਨੀ ਵਿਚ ਲਗਭਗ 50 ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਮਿਲ ਗਈ ਪਰ ਉਦੋਂ ਹੀ ਦਿੱਲੀ ਵਿਚ ਆਈ ਅੰਨਾ ਅੰਦੋਲਨ ਦੀ ਹਨੇਰੀ ਨਾਲ ਉਹ ਇੰਨੇ ਪ੍ਰਭਾਵਿਤ ਹੋਏ ਕਿ ਨੌਕਰੀ ਛੱਡੇ ਕੇ ਉਸ ਵਿਚ ਸ਼ਾਮਲ ਹੋ ਗਏ ਅਤੇ ਦਿਨ-ਰਾਤ ਜੰਤਰ-ਮੰਤਰ ਉੱਤੇ ਅੰਦੋਲਨ ਦੇ ਵਿਚ ਜਾਗ-ਜਾਗ ਰਾਤਾਂ ਬਿਤਾਉਣ ਲੱਗੇ।
ਅੰਦੋਲਨ ਖਤਮ ਹੋਣ ਤੋਂ ਉਹ ਨਵੀਂ ਬਣੀ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਏ ਅਤੇ ਪਿਛਲੀ ਵਾਰ ਆਪ ਸਰਕਾਰ ਵਿਚ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਓਐਸਡੀ ਬਣ ਗਏ। ਉਨ੍ਹਾਂ ਨੇ ਸਕੂਲਾਂ ਵਿਚ ਦਾਖਲੇ ਦੌਰਾਨ ਲਈ ਜਾਣ ਵਾਲੀ ਡੋਨੇਸ਼ਨ ਨੂੰ ਰੋਕਣ ਲਈ ਵੱਡੇ ਕਦਮ ਚੁੱਕੇ। ਆਪ ਨੇ ਪ੍ਰਵੀਨ ਨੂੰ ਦਿੱਲੀ ਪ੍ਰਦੇਸ਼ ਦਾ ਉੱਪ ਪ੍ਰਧਾਨ ਬਣਾਇਆ।
2015 ਦੀਆਂ ਚੋਣਾਂ ਵਿਚ ਪ੍ਰਵੀਨ ਨੂੰ ਪਾਰਟੀ ਦੇ ਲਈ ਕੀਤੇ ਕੰਮਾਂ ਦਾ ਇਨਾਮ ਮਿਲਿਆ ਅਤੇ ਆਪ ਨੇ ਪ੍ਰਵੀਨ ਨੂੰ ਜੰਗਪੁਰ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਅਤੇ ਫਿਰ ਚੋਣਾਂ ਵਿਚ ਉਨ੍ਹਾਂ ਨੇ 20 ਹਜ਼ਾਰ ਤੋਂ ਜਿਆਦਾਂ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾ ਫਿਰ 2020 ਵਿਚ ਵੀ ਪ੍ਰਵੀਨ ਕੁਮਾਰ ਨੇ ਜੰਗਪੁਰ ਵਿਧਾਨ ਸਭਾ ਸੀਟ ਤੋਂ ਜਿੱਤ ਦਾ ਝੰਡਾ ਗਡਿਆ ਹੈ। ਪ੍ਰਵੀਨ ਕੁਮਾਰ ਦੁਜੀ ਵਾਰ ਐਮਐਲਏ ਬਣ ਗਏ ਹਨ ਪਰ ਉਨ੍ਹਾਂ ਦੇ ਪਿਤਾ ਨੇ ਹੁਣ ਵੀ ਪੈਂਚਰ ਲਗਾਉਣ ਦਾ ਕੰਮ ਨਹੀਂ ਛੱਡਿਆ ਹੈ ਅਤੇ ਇਹੀ ਕਾਰਨ ਸੀ ਕਿ ਉਨ੍ਹਾਂ ਦੀ ਜਿੱਤ ਦਾ ਜਸ਼ਨ ਦਿੱਲੀ ਦੇ ਨਾਲ-ਨਾਲ ਆਠਨੋਰ ਵਿਚ ਵੀ ਮਨਾਇਆ ਗਿਆ ਹੈ।




