ਗੁਰਦਾਸਪੁਰ : ਕਸਬਾ ਦੋਰਾਂਗਲਾ ਦੀ ਰਹਿਣ ਵਾਲੀ ਇੱਕ ਮਹਿਲਾ, ਮੋਨਿਕਾ ਸ਼ਰਮਾ, ਆਪਣੀ ਹੀ ਖਰੀਦੀ ਹੋਈ ਜ਼ਮੀਨ ‘ਤੇ ਕਬਜ਼ਾ ਲੈਣ ਲਈ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਦਫ਼ਤਰਾਂ ਅਤੇ ਪੁਲਿਸ ਥਾਣਿਆਂ ਦੇ ਚੱਕਰ ਕੱਟ ਰਹੀ ਹੈ। 20 ਲੱਖ ਰੁਪਏ ਖਰਚਣ ਦੇ ਬਾਵਜੂਦ ਵੀ ਉਸ ਨੂੰ ਆਪਣੇ ਪੰਜ ਮਰਲੇ ਦੇ ਪਲਾਟ ‘ਤੇ ਚਾਰਦੀਵਾਰੀ ਨਹੀਂ ਕਰਨ ਦਿੱਤੀ ਜਾ ਰਹੀ। ਹੁਣ ਇਸ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਦਖ਼ਲ ਦਿੰਦਿਆਂ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣ ਦਾ ਐਲਾਨ ਕੀਤਾ ਹੈ।
ਕੀ ਹੈ ਪੂਰਾ ਮਾਮਲਾ?
ਪੀੜਤ ਮੋਨਿਕਾ ਸ਼ਰਮਾ ਅਨੁਸਾਰ, ਉਸ ਨੇ ਇਕ ਸਰਕਾਰੀ ਕਰਮਚਾਰੀ ਤੋਂ ਉਸ ਦੀ ਸਾਂਝੇ ਖਾਤੇ ਵਾਲੀ 23 ਕਨਾਲ ਜ਼ਮੀਨ ਵਿੱਚੋਂ ਪੰਜ ਮਰਲੇ ਦਾ ਪਲਾਟ ਖਰੀਦਿਆ ਸੀ। ਇਸ ਜ਼ਮੀਨ ਦਾ ਇੰਤਕਾਲ ਵੀ ਮੋਨਿਕਾ ਦੇ ਨਾਂ ‘ਤੇ ਚੜ੍ਹ ਚੁੱਕਿਆ ਹੈ। ਪਰ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਉਸੇ ਕਰਮਚਾਰੀ ਨੇ ਉਸੇ ਖਾਤੇ ਵਿੱਚੋਂ 11 ਮਰਲੇ ਦਾ ਇਕ ਹੋਰ ਪਲਾਟ ਕਿਸੇ ਦੂਜੇ ਵਿਅਕਤੀ ਨੂੰ ਵੇਚ ਦਿੱਤਾ। ਮੋਨਿਕਾ ਦਾ ਦੋਸ਼ ਹੈ ਕਿ ਜਦੋਂ ਵੀ ਉਹ ਕੰਮ ਸ਼ੁਰੂ ਕਰਵਾਉਂਦੀ ਹੈ, ਤਾਂ ਦੂਜੀ ਧਿਰ ਇਹ ਕਹਿ ਕੇ ਰੁਕਾਵਟ ਪਾਉਂਦੀ ਹੈ ਕਿ ਇਹ ਜ਼ਮੀਨ ਉਨ੍ਹਾਂ ਦੇ 11 ਮਰਲੇ ਦੇ ਹਿੱਸੇ ਵਿੱਚ ਆਉਂਦੀ ਹੈ।
ਕਿਸਾਨ ਜਥੇਬੰਦੀਆਂ ਨੇ ਦਿੱਤੀ ਤਿੱਖੇ ਸੰਘਰਸ਼ ਦੀ ਚੇਤਾਵਨੀ
ਮੋਨਿਕਾ ਸ਼ਰਮਾ ਦੀ ਮਦਦ ਲਈ ਹੁਣ ‘ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ’ ਅੱਗੇ ਆਈ ਹੈ। ਕਿਸਾਨ ਆਗੂ ਜਤਿੰਦਰ ਚੀਮਾ ਨੇ ਕਿਹਾ ਕਿ ਮੋਨਿਕਾ ਦੇ ਪਤੀ ਵਿਦੇਸ਼ ਵਿੱਚ ਹਨ ਅਤੇ ਉਹ ਆਪਣੇ ਛੋਟੇ ਬੱਚਿਆਂ ਨਾਲ ਇਕੱਲੀ ਇੱਥੇ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਮੋਨਿਕਾ ਨੂੰ ਉਸ ਦੀ ਜ਼ਮੀਨ ‘ਤੇ ਕਬਜ਼ਾ ਨਾ ਦਿਵਾਇਆ, ਤਾਂ ਕਿਸਾਨ ਜਥੇਬੰਦੀ ਵੱਡਾ ਸੰਘਰਸ਼ ਉਲੀਕਣ ਲਈ ਮਜਬੂਰ ਹੋਵੇਗੀ।
ਪਟਵਾਰੀ ਦਾ ਪੱਖ: ਮਾਲਕ ਵਿਰੁੱਧ ਹੋ ਸਕਦੀ ਹੈ ਕਾਰਵਾਈ
ਇਸ ਸਬੰਧੀ ਜਦੋਂ ਪਟਵਾਰੀ ਅਮਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਪੰਜ ਮਰਲੇ ਦਾ ਇੰਤਕਾਲ ਮੋਨਿਕਾ ਸ਼ਰਮਾ ਦੇ ਨਾਂ ‘ਤੇ ਬੋਲਦਾ ਹੈ ਅਤੇ ਉਹ ਕਾਨੂੰਨੀ ਤੌਰ ‘ਤੇ ਕਬਜ਼ਾ ਕਰਨ ਦੀ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਸਾਂਝੇ ਖਾਤੇ ਵਿੱਚ ਵੱਖ-ਵੱਖ ਹਿੱਸਿਆਂ ਦੇ ਇੰਤਕਾਲ ਹੋ ਸਕਦੇ ਹਨ। ਪਟਵਾਰੀ ਮੁਤਾਬਕ ਜੇਕਰ ਕਬਜ਼ੇ ਵਿੱਚ ਰੁਕਾਵਟ ਆ ਰਹੀ ਹੈ, ਤਾਂ ਜ਼ਮੀਨ ਵੇਚਣ ਵਾਲੇ ਮਾਲਕ ਨੂੰ ਇਸ ਦਾ ਨਿਪਟਾਰਾ ਕਰਨਾ ਚਾਹੀਦਾ ਹੈ, ਨਹੀਂ ਤਾਂ ਉਸ ਵਿਰੁੱਧ ਮਾਮਲਾ ਦਰਜ ਹੋ ਸਕਦਾ ਹੈ।
ਜ਼ਮੀਨ ਮਾਲਕ ਸਾਧ ਰਿਹਾ ਹੈ ਚੁੱਪ
ਦੂਜੇ ਪਾਸੇ, ਜ਼ਮੀਨ ਵੇਚਣ ਵਾਲਾ ਬੀ.ਐਸ.ਐਨ.ਐਲ. ਦਾ ਕਰਮਚਾਰੀ ਲਗਾਤਾਰ ਆਪਣਾ ਪੱਖ ਦੇਣ ਤੋਂ ਬਚ ਰਿਹਾ ਹੈ। ਵਾਰ-ਵਾਰ ਸੰਪਰਕ ਕਰਨ ‘ਤੇ ਉਹ ਸ਼ਹਿਰ ਤੋਂ ਬਾਹਰ ਹੋਣ ਦਾ ਬਹਾਨਾ ਬਣਾ ਕੇ ਮਾਮਲੇ ਨੂੰ ਟਾਲ ਰਿਹਾ ਹੈ। ਫਿਲਹਾਲ, ਇਕੱਲੀ ਔਰਤ ਇਨਸਾਫ਼ ਲਈ ਕਦੇ ਪਟਵਾਰੀ ਅਤੇ ਕਦੇ ਪੁਲਿਸ ਕੋਲ ਗੁਹਾਰ ਲਗਾ ਰਹੀ ਹੈ, ਪਰ ਅਜੇ ਤੱਕ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।



