ਬਿਜਨੌਰ : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਨਾਂਗਲ ਸੋਤੀ ਗੰਗਾ ਘਾਟ ‘ਤੇ ਇਸ਼ਨਾਨ ਕਰਨ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਨਜੀਬਾਬਾਦ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ ਗੰਗਾ ਦੇ ਤੇਜ਼ ਵਹਾਅ ਵਿੱਚ ਡੁੱਬ ਗਏ। ਮੌਕੇ ‘ਤੇ ਮੌਜੂਦ ਲੋਕਾਂ ਦੀ ਮੁਸਤੈਦੀ ਸਦਕਾ 12 ਸਾਲਾ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਇੱਕ ਔਰਤ ਸਮੇਤ ਤਿੰਨ ਜਣਿਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਇਸ ਘਟਨਾ ਤੋਂ ਬਾਅਦ ਘਾਟ ‘ਤੇ ਹਫੜਾ-ਦਫੜੀ ਮਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਨਜੀਬਾਬਾਦ ਦੇ ਮੁਹੱਲਾ ਰਮਪੁਰਾ ਦਾ ਰਹਿਣ ਵਾਲਾ ਇਹ ਪਰਿਵਾਰ ਦੁਪਹਿਰ ਕਰੀਬ 12 ਵਜੇ ਨਾਂਗਲ ਸੋਤੀ ਗੰਗਾ ਘਾਟ ‘ਤੇ ਇਸ਼ਨਾਨ ਕਰਨ ਲਈ ਪਹੁੰਚਿਆ ਸੀ। ਪਾਣੀ ਵਿੱਚ ਨਹਾਉਂਦੇ ਸਮੇਂ ਅਚਾਨਕ ਸੰਤੁਲਨ ਵਿਗੜਨ ਕਾਰਨ 22 ਸਾਲਾ ਲੜਕੀ, 17 ਸਾਲਾ ਨੌਜਵਾਨ, 16 ਸਾਲਾ ਨੌਜਵਾਨ ਅਤੇ 12 ਸਾਲਾ ਲੜਕੀ ਡੂੰਘੇ ਪਾਣੀ ਵਿੱਚ ਚਲੇ ਗਏ। ਡੁੱਬਣ ਵਾਲੇ ਸਾਰੇ ਮੈਂਬਰ ਆਪਸ ਵਿੱਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਰੌਲਾ ਪੈਣ ‘ਤੇ ਨੇੜੇ ਮੌਜੂਦ ਲੋਕਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ 12 ਸਾਲਾ ਬੱਚੀ ਨੂੰ ਤਾਂ ਬਚਾ ਲਿਆ, ਪਰ ਬਾਕੀ ਤਿੰਨੋਂ ਪਾਣੀ ਵਿੱਚ ਰੁੜ੍ਹ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਏ.ਐੱਸ.ਪੀ. ਸਿਟੀ ਡਾ. ਕੇ.ਜੀ. ਸਿੰਘ, ਏ.ਡੀ.ਐੱਮ. ਅਤੇ ਐੱਸ.ਡੀ.ਐੱਮ. ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਦੀ ਨਿਗਰਾਨੀ ਹੇਠ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਗੰਗਾ ਵਿੱਚ ਲਾਪਤਾ ਹੋਏ ਤਿੰਨਾਂ ਜੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਘਟਨਾ ਦੇ ਕਰੀਬ ਤਿੰਨ ਘੰਟੇ ਬੀਤ ਜਾਣ ਦੇ ਬਾਵਜੂਦ ਐੱਨ.ਡੀ.ਆਰ.ਐੱਫ. (NDRF) ਜਾਂ ਕਿਸੇ ਹੋਰ ਵਿਸ਼ੇਸ਼ ਬਚਾਅ ਟੀਮ ਨੂੰ ਮੌਕੇ ‘ਤੇ ਨਾ ਬੁਲਾਏ ਜਾਣ ਕਾਰਨ ਪੀੜਤ ਪਰਿਵਾਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਲਾਪਤਾ ਮੈਂਬਰਾਂ ਨੂੰ ਜਲਦ ਲੱਭਿਆ ਜਾ ਸਕੇ।



