Weather Update: ਝੁਲਸਾ ਦੇਣ ਵਾਲੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਪੰਜਾਬ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾ-ਬਾਂਦੀ ਹੋਈ ਹੈ। ਇਸ ਨਾਲ ਪਾਰਾ ਜ਼ਰੂਰ ਹੇਠਾਂ ਆਇਆ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ ਜਿਸ ਦਾ ਪੰਜਾਬ ਵਿੱਚ ਵੀ ਅਸਰ ਵੇਖਣ ਨੂੰ ਮਿਲੇਗਾ। ਇਸ ਨਾਲ 1 ਤੇ 2 ਜੂਨ ਨੂੰ ਬਾਰਸ਼ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਪਟਿਆਲਾ, ਮੋਗਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਰਾਤ ਨੂੰ ਹਲਕੀ ਬਾਰਿਸ਼ ਹੋਈ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜਾਰੀ ਰੈੱਡ ਅਲਰਟ ਨੂੰ ਹੁਣ ਔਰੇਂਜ ਵਿੱਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 1 ਜੂਨ ਨੂੰ ਯੈਲੋ ਅਲਰਟ ਤੇ 2 ਜੂਨ ਨੂੰ ਆਮ ਦਿਨ ਐਲਾਨਿਆ ਗਿਆ ਹੈ।
IMD ਮੁਤਾਬਕ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਤਾਪਮਾਨ ਵਿੱਚ 1 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਕਾਰਨ 31 ਮਈ ਤੋਂ ਪੰਜਾਬ ਦੇ ਕੁਝ ਇਲਾਕਿਆਂ ‘ਚ ਬੱਦਲ ਛਾਏ ਰਹਿਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪੰਜਾਬ ਦੇ ਤਾਪਮਾਨ ‘ਚ ਮਾਮੂਲੀ ਗਿਰਾਵਟ ਆਵੇਗੀ, ਜਿਸ ਨਾਲ ਕੁਝ ਸਮੇਂ ਲਈ ਗਰਮੀ ਤੋਂ ਰਾਹਤ ਮਿਲੇਗੀ। ਪੰਜਾਬ, ਹਿਮਾਚਲ, ਚੰਡੀਗੜ੍ਹ ਵਿਚ ਪਹਿਲੀ ਜੂਨ ਤੋਂ ਮੌਸਮ ਬਦਲ ਸਕਦਾ ਹੈ।
ਦਿੱਲੀ ਹਰਿਆਣਾ ਵਿਚ ਮੀਂਹ ਨੇ ਬਦਲਿਆ ਮੌਸਮ
ਉਧਰ, ਬੁੱਧਵਾਰ ਨੂੰ ਦਿੱਲੀ-ਐੱਨਸੀਆਰ, ਹਰਿਆਣਾ ‘ਚ ਗਰਮੀ ਦੇ ਰਿਕਾਰਡ ਟੁੱਟਣ ਤੋਂ ਤੁਰੰਤ ਬਾਅਦ ਮੀਂਹ ਨੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇੱਕ ਪਾਸੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ, ਉੱਥੇ ਹੀ ਤਾਪਮਾਨ ਵਿੱਚ ਵੀ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ।
ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ 29 ਮਈ ਨੂੰ ਹਿਮਾਚਲ ਦੇ ਉੱਚੇ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ 30 ਮਈ ਨੂੰ ਮੱਧ ਪਹਾੜੀ ਅਤੇ ਉੱਚਾਈ ਵਾਲੇ ਖੇਤਰਾਂ ਵਿੱਚ ਅਤੇ 1 ਜੂਨ ਨੂੰ ਪੂਰੇ ਰਾਜ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦਾ ਅਸਰ ਪੰਜਾਬ ਉਤੇ ਵੀ ਵਿਖਾਈ ਦੇ ਸਕਦਾ ਹੈ।
ਮਾਨਸੂਨ ਪੁੱਜਾ ਕੇਰਲ
ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਮਾਨਸੂਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਦਿੱਤੀ ਹੈ। ਆਈਐਮਡੀ ਮੁਤਾਬਕ ਮਾਨਸੂਨ ਕੇਰਲ ਪਹੁੰਚ ਗਿਆ ਹੈ। ਚੰਦਰਸ਼ੇਖਰ ਆਜ਼ਾਦ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਕਾਨਪੁਰ ਦੇ ਖੇਤੀਬਾੜੀ ਮੌਸਮ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਦੇ ਮੌਸਮ ਦੇ ਅੰਕੜਿਆਂ ‘ਤੇ ਇਕ ਅਧਿਐਨ ਕੀਤਾ ਗਿਆ ਹੈ, ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਮਾਨਸੂਨ ਖੂਬ ਵਰ੍ਹੇਗਾ।
ਜਾਣੋ ਕਦੋਂ ਕਿਥੇ ਪਹੁੰਚੇਗਾ ਮਾਨਸੂਨ
ਮੌਸਮ ਵਿਭਾਗ ਮੁਤਾਬਕ ਬਿਹਾਰ ‘ਚ 13 ਤੋਂ 18 ਜੂਨ, ਪੱਛਮੀ ਬੰਗਾਲ ‘ਚ 7 ਤੋਂ 13 ਜੂਨ, ਗੁਜਰਾਤ ‘ਚ 19 ਤੋਂ 30 ਜੂਨ, ਮੱਧ ਪ੍ਰਦੇਸ਼ ‘ਚ 16 ਤੋਂ 21 ਜੂਨ, ਉੱਤਰ ਪ੍ਰਦੇਸ਼ ‘ਚ 18 ਤੋਂ 25 ਜੂਨ, ਉੱਤਰ ਪ੍ਰਦੇਸ਼ ‘ਚ 26 ਤੋਂ 1 ਜੁਲਾਈ ਤੱਕ ਮੀਂਹ ਪਵੇਗਾ। ਪੰਜਾਬ ਵਿਚ ਮਾਨਸੂਨ 22 ਤੋਂ 25 ਜੂਨ ਵਿੱਚ ਦਾਖਲ ਹੋਵੇਗਾ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ਼ ਕਵਰ ਹੋ ਜਾਵੇਗਾ।



