ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੇਰਲਾ ਦੇ ਕਰੀਪੁਰ ਸਥਿਤ ਕੋਜ਼ੀਕੋਡ ਇੰਟਰਨੈਸ਼ਨਲ ਏਅਰਪੋਰਟ ਉੱਤੇ ਬੀਤੀ ਰਾਤ ਏਅਰ ਇੰਡੀਆ ਦਾ ਇਕ ਯਾਤਰੀ ਜਹਾਜ਼ ਦੁਰਘਨਾਗ੍ਰਸਤ ਹੋ ਗਿਆ ਸੀ। ਇਸ ਘਟਨਾ ਵਿਚ ਦੋ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 127 ਯਾਤਰੀ ਜ਼ਖਮੀ ਹੋ ਗਏ ਹਨ। ਉੱਥੇ ਹੀ ਇਸ ਜਹਾਜ਼ ਵਿਚ ਸਵਾਰ ਦੋ ਯਾਤਰੀ ਕੋਰੋਨਾ ਪਾਜ਼ੀਟਿਵ ਵੀ ਪਾਏ ਗਏ ਹਨ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਸ ਹਾਦਸੇ ਵਿਚ ਜਖਮੀ ਹੋਏ ਯਾਤਰੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਕੋਵਿਡ ਜਾਂਚ ਵੀ ਹੋਈ ਹੈ। ਇਸ ਦੇ ਨਾਲ ਹੀ ਇਸ ਘਟਨਾ ਵਿਚ ਮਾਰੇ ਗਏ ਯਾਤਰੀਆਂ ਦੀ ਮ੍ਰਿਤਕਾਂ ਦੇਹਾਂ ਦੀ ਅਟਾਪਸੀ ਕੋਵਿਡ-19 ਦੇ ਪ੍ਰੋਟੋਕਾਲ ਤਹਿਤ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਹਾਦਸੇ ਵਿਚ ਮਾਰੇ ਗਏ 45 ਸਾਲ ਦੇ ਇਕ ਯਾਤਰੀ ਸੁਧੀਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।ਇਸ ਤੋਂ ਇਲਾਵਾ ਇਕ ਹੋਰ ਯਾਤਰੀ ਵੀ ਕੋਰੋਨਾ ਪਾਜ਼ੀਟਿਵ ਨਿਕਲਿਆ ਹੈ। ਰਿਪੋਰਟਾਂ ਅਨੁਸਾਰ ਸੂਬੇ ਦੀ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਰਾਹਤ ਬਚਾਅ ਦੇ ਕਾਰਜਾਂ ਵਿਚ ਲੱਗੇ ਲੋਕਾਂ ਨੂੰ ਸਾਵਧਾਨੀ ਦੇ ਤੌਰ ਉੱਤੇ ਸੈਲਫ ਕੁਆਰੰਟੀਨ ਹੋਣ ਲਈ ਕਿਹਾ ਹੈ। ਹਾਲਾਂਕਿ ਜੋ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉਨ੍ਹਾਂ ਦਾ ਕਿਸੇ ਬਚਾਅ ਕਰਮੀ ਨਾਲ ਸੰਪਰਕ ਹੋਇਆ ਸੀ ਜਾ ਨਹੀਂ, ਉਸਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਹੁਣ ਤੱਕ 50 ਬਚਾਅ ਕਰਮੀ ਕੁਆਰੰਟੀਨ ਹੋ ਚੁੱਕੇ ਹਨ।
ਦੱਸ ਦਈਏ ਕਿ ਬੀਤੀ ਰਾਤ ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਐਕਸਪ੍ਰੈੱਸ ਦਾ AXB1344, ਬੋਇੰਗ 737 ਜਹਾਜ਼ ਦੁਬਈ ਤੋਂ ਕੋਜ਼ੀਕੋਡ ਆ ਰਿਹਾ ਸੀ। ਇਸ ਵਿਚ 2 ਪਾਇਲਟਾਂ ਅਤੇ 6 ਕਰੂ ਮੈਂਬਰਾਂ ਸਮੇਤ ਕੁੱਲ 192 ਯਾਤਰੀ ਸਵਾਰ ਸਨ। ਇਹ ਜਹਾਜ਼ ਜਦੋਂ ਰਾਤ 7.41 ਮਿੰਟ ਉੱਤੇ ਕੇਰਲਾ ਦੇ ਕੋਜ਼ੀਕੋਡ ਇੰਟਰਨੈਸ਼ਨਲ ਏਅਰਪੋਰਟ ਪਹੁੰਚਿਆਂ ਤਾਂ ਲੈਂਡਿੰਗ ਦੌਰਾਨ ਰਨਵੇ ਤੋਂ ਖਿਸਕ ਕੇ ਦੀਵਾਰ ਨਾਲ ਟਕਰਾਇਆ ਅਤੇ ਹਾਦਸਾਗ੍ਰਸਤ ਹੋ ਗਿਆ। ਇਸ ਪੂਰੀ ਘਟਨਾ ਦੌਰਾਨ ਜਹਾਜ਼ ਦੇ ਦੋ ਟੁੱਕੜੇ ਹੋ ਗਏ ਅਤੇ ਇੱਕ ਟੁੱਕੜਾ ਖਾਈ ਵਿਚ ਜਾ ਡਿੱਗਿਆ। ਉੱਥੇ ਹੀ ਹਾਦਸੇ ਵਿਚ ਜਹਾਜ਼ ਨੂੰ ਉੱਡਾ ਰਹੇ ਦੋ ਪਾਇਲਟਾਂ ਸਮੇਤ ਕੁੱਲ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 127 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
