ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ-ਚੀਨ ਸੀਮਾ ਉੱਤੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਬੀਤੀ ਰਾਤ ਚੀਨ ਦੁਆਰਾ ਅਸਲ ਕੰਟਰੋਲ ਰੇਖਾ ਉੱਤੇ ਫਾਇਰਿੰਗ ਕੀਤੀ ਗਈ ਹੈ ਅਤੇ ਉੱਲਟਾ ਭਾਰਤੀ ਫੌਜ ਉੱਤੇ ਹੀ ਐਲਏਸੀ ਪਾਰ ਕਰਨ ਦਾ ਆਰੋਪ ਲਗਾਇਆ ਹੈ। ਉੱਥੇ ਹੀ ਹੁਣ ਭਾਰਤੀ ਸੈਨਾ ਦੁਆਰਾ ਅੱਜ ਮੰਗਲਵਾਰ ਨੂੰ ਇਸ ਪੂਰੀ ਘਟਨਾ ਸੰਬੰਧੀ ਇਕ ਬਿਆਨ ਜਾਰੀ ਕਰ ਕਿਹਾ ਗਿਆ ਹੈ ਕਿ ਭਾਰਤੀ ਫੌਜ ਖੇਤਰ ਵਿਚ ਸ਼ਾਂਤੀ ਚਾਹੁੰਦੀ ਹੈ ਪਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਅੱਗੇ ਵੱਧਣ ਦੇ ਲਈ ਉਕਸਾਉਣ ਵਾਲੀ ਗਤੀਵਿਧੀਆਂ ਕਰ ਰਹੀ ਹੈ।
ਸੈਨਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ”ਚੀਨ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਅਸਲ ਕੰਟਰੋਲ ਰੇਖਾ ਉੱਤੇ ਫੌਜਾਂ ਨੂੰ ਪਿੱਛੇ ਹਟਾਉਣ ਅਤੇ ਸਥਿਤੀ ਨੂੰ ਸਧਾਰਨ ਬਣਾਉਣ ਲਈ ਪਾਬੰਦ ਹੈ। ਉੱਥੇ ਹੀ ਚੀਨ ਅੱਗੇ ਵੱਧਣ ਲਈ ਉਕਸਾਉਣ ਵਾਲੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਹੈ। ਕਿਸੇ ਵੀ ਪੜਾਅ ਵਿਚ ਭਾਰਤ ਸੈਨਾ ਨੇ ਐਲਏਸੀ ਪਾਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਵੀ ਹਮਲਾਵਰ ਸਾਧਨ ਦਾ ਸਹਾਰਾ ਲਿਆ ਹੈ ਜਿਸ ਵਿਚ ਗੋਲੀਬਾਰੀ ਸ਼ਾਮਲ ਹੈ”। ਸੈਨਾ ਨੇ ਕਿਹਾ ਕਿ ”ਸੱਤ ਸਤੰਬਰ ਨੂੰ ਹੋਈ ਤਾਜ਼ੀ ਘਟਨਾ ਵਿਚ ਚੀਨ ਦੀ ਪੀਐਲਏ ਦੇ ਸੈਨਿਕਾਂ ਨੇ ਐਲਏਸੀ ਉੱਤੇ ਸਾਡੀ ਅੱਗੇ ਵਾਲੀ ਚੌਕੀਆਂ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਕੀਤੀ। ਜਦੋਂ ਸੈਨਾ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਭਾਰਤੀ ਫੌਜੀਆਂ ਨੂੰ ਉਕਸਾਉਣ ਲਈ ਹਵਾ ਵਿਚ ਫਾਇਰਿੰਗ ਕੀਤੀ”। ਸੈਨਾ ਨੇ ਅੱਗੇ ਕਿਹਾ ਕਿ ”ਇਹ ਪੀਐਲਏ ਹੈ ਜੋ ਸਮਝੌਤਿਆਂ ਦਾ ਘੋਰ ਉਲੰਘਣ ਕਰ ਰਹੀ ਹੈ ਅਤੇ ਹਮਲਾਵਰ ਯੁੱਧ ਅਭਿਆਸ ਕਰ ਰਹੀ ਹੈ, ਜਦਕਿ ਫੌਜੀ, ਡਿਪਲੋਮੈਟਿਕ ਅਤੇ ਰਾਜਨੀਤਿਕ ਪੱਧਰ ਉੱਤੇ ਸੈਨਾ ਨੂੰ ਪਿੱਛੇ ਹਟਾਉਣ ਲਈ ਗੱਲਬਾਤ ਜਾਰੀ ਹੈ। ਗੰਭੀਰ ਉਕਸਾਉਣ ਦੇ ਬਾਵਜੂਦ, ਸਾਡੇ ਸੈਨਿਕਾਂ ਨੇ ਸੰਜਮ ਵਰਤਿਆ ਤੇ ਪਰਿਪੱਕਤਾ ਤੇ ਜ਼ਿੰਮੇਵਾਰੀ ਨਾਲ ਵਿਵਹਾਰ ਕੀਤਾ। ਅਸੀ ਸ਼ਾਂਤੀ ਅਤੇ ਸਥਿਰਤਾ ਨੂੰ ਬਣਾ ਕੇ ਰੱਖਣ ਦੇ ਲਈ ਪਾਬੰਦੀ ਹਨ, ਹਾਲਾਂਕਿ ਅਸੀ ਹਰ ਕੀਮਤ ਉੱਤੇ ਰਾਸ਼ਟਰੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਵੀ ਦ੍ਰਿੜ ਹਨ”।
