ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਦੋਵੇਂ ਪਟੀਸ਼ਨਾਂ ਹੋਈਆਂ ਰੱਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਹਨ। ਦਰਅਸਲ ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਹਨ। ਦਰਅਸਲ ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦਾ ਮਾਮਲੇ ਵਿਚ ਗੰਭੀਰ ਆਰੋਪਾਂ ਦਾ ਸਾਹਮਣਾ ਕਰ ਰਹੇ ਸੁਮੇਧ ਸੈਣੀ ਦੀ ਅਗਾਊ ਜ਼ਮਾਨਤ ਤੇ ਕੇਸ ਟਰਾਂਸਫਰ ਕਰਨ ਦੀਆਂ ਪਟੀਸ਼ਨ ਅੱਜ ਮੰਗਲਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤੀਆਂ ਹਨ।

ਦਰਅਸਲ ਮੁਹਾਲੀ ਅਦਾਲਤ ਨੇ ਸੁਮੇਧ ਸੈਣੀ ਨੂੰ ਧਾਰਾ 302 ਵਿਚ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੈਣੀ ਨੇ ਕੋਰਟ ਵਿਚ ਮੁਹਾਲੀ ਅਦਾਲਤ ਦੇ ਫੈਸਲੇ ਨੂੰ ਚੈਂਲੇਜ ਕਰਦਿਆਂ ਅਗਾਊ ਜ਼ਮਾਨਤ ਅਤੇ ਆਪਣਾ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਨ ਲਈ ਪਟੀਸ਼ਨ ਦਾਖਲ ਕੀਤੀ ਸੀ ਜਿਸ ਉੱਤੇ ਬੀਤੇ ਸੋਮਵਾਰ ਨੂੰ ਸੁਣਵਾਈ ਕਰਦਿਆਂ ਜੱਜ ਫਤਿਹਦੀਪ ਸਿੰਘ ਦੀ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਪਰ ਅੱਜ ਕੋਰਟ ਨੇ ਇਸ ਮਾਮਲੇ ਵਿਚ ਆਪਣਾ ਫੈਸਲਾ ਦਿੰਦਿਆਂ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਅਰਜੀ ਅਤੇ ਇਸ ਕੇਸ ਨੂੰ ਪੰਜਾਬ ਤੋਂ ਬਾਹਰ ਟਰਾਂਸਫਰ ਕਰਨ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਉੱਥੇ  ਹੀ ਕੋਰਟ ਵਿਚ ਸਰਕਾਰੀ ਵਕੀਲ ਨੇ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਸੈਣੀ ਖ਼ਿਲਾਫ਼ ਬਹੁਤ ਗੰਭੀਰ ਦੋਸ਼ ਹਨ ਜਿਸ ਕਰਕੇ ਉਸ ਨੂੰ ਕਿਸੇ ਵੀ ਸੂਰਤ ਵਿੱਚ ਜ਼ਮਾਨਤ ਨਾ ਦਿੱਤੀ ਜਾਵੇ। ਦੱਸ ਦਈਏ ਕਿ ਸੁਮੇਧ ਸੈਣੀ ਪਿਛਲੇ ਕੁੱਝ ਦਿਨਾਂ ਤੋਂ ਫਰਾਰ ਚੱਲ ਰਿਹਾ ਹੈ ਜਿਸ ਦੀ ਭਾਲ ਲਈ ਪੁਲਿਸ ਦੁਆਰਾ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਾਈਕੋਰਟ ਤੋਂ ਝਟਕਾ ਮਿਲਣ ਦੇ ਬਾਅਦ ਹੁਣ ਸੁਮੇਧ ਸੈਣੀ ਦੀ ਗਿਰਫਤਾਰੀ ਤੈਅ ਮੰਨੀ ਜਾ ਰਹੀ ਹੈ।

Leave a Reply

Your email address will not be published. Required fields are marked *