ਜਲਾਲਾਬਾਦ: ਜਲਾਲਾਬਾਦ ਦੇ ਬਾਹਮਣੀ ਰੋਡ ਰੇਲਵੇ ਫਾਟਕ ਨੇੜੇ ਇੱਕ ਘਰ ਵਿੱਚ ਵਿਆਹ ਦਾ ਜਸ਼ਨ ਉਸ ਸਮੇਂ ਚੀਕ-ਚਿਹਾੜੇ ਵਿੱਚ ਬਦਲ ਗਿਆ, ਜਦੋਂ ਗੁਆਂਢੀ ਨੌਜਵਾਨਾਂ ਦੀ ਗੁੰਡਾਗਰਦੀ ਕਾਰਨ ਇੱਕ ਮਾਸੂਮ ਦੀ ਜਾਨ ਚਲੀ ਗਈ। ਨਵੀਂ ਵਿਆਹੀ ਲਾੜੀ ਦੇ ਸਵਾਗਤ ਦੌਰਾਨ ਹੋਈ ਮਾਮੂਲੀ ਤਕਰਾਰ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਗੋਲੀ ਚੱਲਣ ਕਾਰਨ ਡੀਜੇ ਵਾਲਿਆਂ ਨਾਲ ਆਏ ਇੱਕ ਨੌਜਵਾਨ ਦੀ ਮੌਤ ਹੋ ਗਈ।
ਮਾਮੂਲੀ ਤਕਰਾਰ ਤੋਂ ਸ਼ੁਰੂ ਹੋਇਆ ਵਿਵਾਦ
ਜਾਣਕਾਰੀ ਅਨੁਸਾਰ, ਪਰਿਵਾਰ ਡੋਲੀ ਲੈ ਕੇ ਘਰ ਪਹੁੰਚਿਆ ਸੀ ਅਤੇ ਖੁਸ਼ੀ ਦੇ ਮਾਹੌਲ ਵਿੱਚ ਲੜਕੀਆਂ ਡੀਜੇ ‘ਤੇ ਨੱਚ ਰਹੀਆਂ ਸਨ। ਇਸੇ ਦੌਰਾਨ ਗੁਆਂਢ ਵਿੱਚ ਰਹਿਣ ਵਾਲੇ ਕੁਝ ਮਨਚਲੇ ਨੌਜਵਾਨਾਂ ਨੇ ਉੱਥੇ ਆ ਕੇ ਨੋਟ ਵਾਰਨੇ ਸ਼ੁਰੂ ਕਰ ਦਿੱਤੇ। ਜਦੋਂ ਪਰਿਵਾਰਕ ਮੈਂਬਰਾਂ ਨੇ ਮਰਿਆਦਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਤਾਂ ਨੌਜਵਾਨਾਂ ਨੇ ਬਹਿਸ ਸ਼ੁਰੂ ਕਰ ਦਿੱਤੀ।
ਇੱਟਾਂ-ਰੋੜਿਆਂ ਤੋਂ ਬਾਅਦ ਚੱਲੀ ਅੰਨ੍ਹੇਵਾਹ ਗੋਲੀ
ਦੇਖਦੇ ਹੀ ਦੇਖਦੇ ਮਾਮਲਾ ਇੰਨਾ ਗਰਮਾ ਗਿਆ ਕਿ ਉਕਤ ਨੌਜਵਾਨ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਹਥਿਆਰਾਂ ਸਣੇ ਮੌਕੇ ‘ਤੇ ਪਹੁੰਚ ਗਏ। ਹਮਲਾਵਰਾਂ ਨੇ ਪਹਿਲਾਂ ਇੱਟਾਂ-ਰੋੜੇ ਚਲਾ ਕੇ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਫਿਰ ਗੋਲੀ ਚਲਾ ਦਿੱਤੀ। ਬਦਕਿਸਮਤੀ ਨਾਲ, ਇਹ ਗੋਲੀ ਡੀਜੇ ਵਾਲੇ ਨਾਲ ਆਏ ਉਸ ਨੌਜਵਾਨ ਨੂੰ ਜਾ ਲੱਗੀ ਜੋ ਸਿਰਫ ਪੈਸੇ ਇਕੱਠੇ ਕਰਨ ਦਾ ਕੰਮ ਕਰ ਰਿਹਾ ਸੀ।
300 ਰੁਪਏ ਦਿਹਾੜੀ ‘ਤੇ ਆਇਆ ਸੀ ਮ੍ਰਿਤਕ ਨੌਜਵਾਨ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਮਹਿਜ਼ 300 ਰੁਪਏ ਦਿਹਾੜੀ ‘ਤੇ ਡੀਜੇ ਵਾਲਿਆਂ ਨਾਲ ਕੰਮ ਕਰਨ ਆਇਆ ਸੀ। ਗੋਲੀ ਲੱਗਣ ਤੋਂ ਤੁਰੰਤ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਫਰੀਦਕੋਟ ਵਿਖੇ ਉਸ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਪਰਿਵਾਰ ਦੀਆਂ ਖੁਸ਼ੀਆਂ ਗਮ ਵਿੱਚ ਡੁੱਬ ਗਈਆਂ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



