ਨਵੀਂ ਦਿੱਲੀ (ਇੰਟ.)- ਯੂਰਪ ਦੇ ਦੋ ਦੇਸ਼ਾਂ ਅਰਮੀਨੀਆ ਅਤੇ ਅਜਰਬੈਜਾਨ ਵਿਚਾਲੇ ਇਕ ਵਾਰ ਫਿਰ ਤੋਂ ਤਣਾਅ ਵਧ ਰਿਹਾ ਹੈ। ਪਿਛਲੇ ਹਫਤੇ ਹੀ ਅਰਮੀਨੀਆ ਨੇ ਅਜਰਬੈਜਾਨ ‘ਤੇ ਉਸ ਦੀ ਫੌਜ ਨੂੰ ਅੰਦਰ ਭੇਜਣ ਦਾ ਦੋਸ਼ ਲਗਾਇਆ ਹੈ। ਭਾਰਤ ਵੀ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਉਸ ਨੇ ਦੋਹਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਪਿਛਲੇ ਸਾਲ ਅਰਮੀਨੀਆਈ ਫੋਰਸ ਅਤੇ ਅਜਰਬੈਜਾਨ ਵਿਚਾਲੇ 6 ਹਫਤੇ ਤੱਕ ਸੰਘਰਸ਼ ਹੋਇਆ ਸੀ। ਬਾਅਦ ਵਿਚ ਰੂਸ ਦੀ ਸਹਿਮਤੀ ਨਾਲ ਦੋਹਾਂ ਵਿਚਾਲੇ ਸ਼ਾਂਤੀ ਬਹਾਲ ਹੋ ਸਕੀ ਸੀ। ਪਰ ਇਕ ਵਾਰ ਫਿਰ ਹੁਣ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੀਆਂ ਖਬਰਾਂ ਆ ਰਹੀਆਂ ਹਨ। ਅਰਮੀਨੀਆ ਨੇ ਅਜਰਬੈਜਾਨ ਦੇ ਉਪਰ ਉਸ ਦੀ ਸਰਹੱਦ ਵਿਚ ਤਿੰਨ ਕਿਲੋਮੀਟਰ ਅੰਦਰ ਦਾਖਲ ਹੋਣ ਦਾ ਦੋਸ਼ ਲਗਾਇਆ ਹੈ।
ਅਜਰਬੈਜਾਨ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਉਸ ਦੀਆਂ ਫੌਜਾਂ ਆਪਣੇ ਖੇਤਰ ਵਿਚ ਹਨ ਅਤੇ ਸਿਰਫ ਬਾਰਡਰ ਦੀ ਸੁਰੱਖਿਆ ਯਕੀਨੀ ਕਰ ਰਹੀ ਹੈ। ਅਰਮੀਨੀਆ ਨੇ ਕਿਹਾ ਹੈ ਕਿ ਅਜਰਬੈਜਾਨ ਨੇ ਸਰਹੱਦ ਵਿਚ ਦਾਖਲ ਹੋਏ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਦੋਹਾਂ ਧਿਰਾਂ ਵਿਚਾਲੇ ਵੱਧਦੇ ਤਣਾਅ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਸੀਂ ਅਰਮੀਨੀਆ ਅਜਰਬੈਜਾਨ ਸਰਹੱਦ ‘ਤੇ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ। ਫੌਜੀ ਦਸਤਿਆਂ ਰਾਹੀਂ ਸਰਹੱਦ ‘ਤੇ ਘੁਸਪੈਠ ਸਥਿਤੀ ਨੂੰ ਉਥੇ ਹੀ ਰੋਕ ਸਕਦੀ ਹੈ ਅਤੇ ਨਵੇਂ ਸਿਰੇ ਤੋਂ ਹਿੰਸਾ ਪੈਦਾ ਕਰ ਸਕਦੀ ਹੈ। ਅਸੀਂ ਉਲੰਘਣਾ ਕਰਨ ਵਾਲੇ ਧਿਰ ਨੂੰ ਤੁਰੰਤ ਦਸਤਿਆਂ ਨੂੰ ਵਾਪਸ ਬੁਲਾਉਣ ਅਤੇ ਅੱਗੇ ਕਿਸੇ ਵੀ ਉਕਸਾਵੇ ਨੂੰ ਰੋਕਣ ਦੀ ਸੱਦਾ ਦਿੰਦੇ ਹਾਂ।
ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਹਮੇਸ਼ਾ ਤੋਂ ਦੋ ਪੱਖੀ ਵਿਵਾਦਾਂ ਦਾ ਸਿਆਸੀ ਅਤੇ ਰਣਨੀਤਕ ਤਰੀਕੇ ਨਾਲ ਸ਼ਾਂਤੀਪੂਰਵਕ ਹੱਲ ਕਰਨ ਦੀ ਹਮਾਇਤ ਕਰਦਾ ਹੈ। ਦੱਖਣੀ ਕਾਕਾਸ਼ਸ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਖੇਤਰੀ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਹੈ।



