ਜਕਾਰਤਾ (ਇੰਟ.)- ਦੇਸ਼ ਵਿਚ ਕੋਰੋਨਾ ਵਾਇਰਸ ਦਾ ਬਹੁਤ ਖਤਰਨਾਕ ਰੂਪ ਸਾਹਮਣੇ ਆਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਾਅਵੇ ‘ਤੇ ਸਿੰਗਾਪੁਰ ਵਿਚ ਇੰਟਰਨੈੱਟ ਯੂਜ਼ਰਸ ਭੜਕ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁਆਫੀ ਮੰਗਣ ਦੀ ਮੰਗ ਤੱਕ ਕਰ ਦਿੱਤੀ। ਇਨ੍ਹਾਂ ਯੂਜ਼ਰਸ ਨੇ ਕੇਜਰੀਵਾਲ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ‘ਤੇ ਗਲਤ ਸੂਚਨਾ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਮੁਆਫੀ ਦੀ ਮੰਗ ਕੀਤੀ ਹੈ। ਨਾਲ ਹੀ ਇਸ ਵਿਚ ਤੱਥਾਂ ਦੀ ਜਾਂਚ ਦੀ ਵੀ ਸਿਫਾਰਿਸ਼ ਕੀਤੀ ਹੈ।
ਇਹ ਵੀ ਪੜ੍ਹੋ- ਭਾਰਤ ਵਿਚ ਕੋਰੋਨਾ ਵਾਇਰਸ ਤੋਂ ਬਾਅਦ ਬਲੈਕ ਫੰਗਸ ਦਾ ਵਧਿਆ ਖਤਰਾ
ਦਿੱਲੀ ਦੇ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ, ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਬੱਚਿਆਂ ਲਈ ਬਹੁਤ ਹੀ ਖਤਰਨਾਕ ਦੱਸਿਆ ਜਾ ਰਿਹਾ ਹੈ। ਇਹ ਤੀਜੀ ਲਹਿਰ ਦੇ ਰੂਪ ਵਿਚ ਦਿੱਲੀ ਪਹੁੰਚ ਸਕਦਾ ਹੈ। ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ। ਤੁਰੰਤ ਪ੍ਰਭਾਵ ਨਾਲ ਸਿੰਗਾਪੁਰ ਤੋਂ ਸਾਰੀਆਂ ਹਵਾਈਆਂ ਸੇਵਾਵਾਂ ਰੱਦ ਕੀਤੀਆਂ ਜਾਣ। ਪਹਿਲ ਦੇ ਆਧਾਰ ‘ਤੇ ਬੱਚਿਆਂ ਲਈ ਵੈਕਸੀਨ ਬਦਲਾਂ ‘ਤੇ ਕੰਮ ਕੀਤਾ ਜਾਵੇ।
ਕੇਜਰੀਵਾਲ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੰਗਾਪੁਰ ਦੇ ਸਿਹਤ ਮੰਤਰਾਲਾ ਨੇ ਮੰਗਲਵਾਰ ਰਾਤ ਨੂੰ ਕਿਹਾ, ਖਬਰਾਂ ਵਿਚ ਜੋ ਵੀ ਦਾਅਵੇ ਕੀਤੇ ਜਾ ਰਹੇ ਹਨ ਉਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ। ਇਸ ਨੇ ਇਕ ਬਿਆਨ ਵਿਚ ਕਿਹਾ, ਵਾਇਰਸ ਨੂੰ ਕੋਈ ਸਿੰਗਾਪੁਰੀ ਰੂਪ ਨਹੀਂ ਹੈ। ਹਾਲ ਦੇ ਹਫਤਿਆਂ ਵਿਚ ਕੋਵਿਡ-19 ਦੇ ਕਈ ਮਾਮਲਿਆਂ ਵਿਚ ਜੋ ਰੂਪ ਨਜ਼ਰ ਆ ਰਿਹਾ ਹੈ ਉਹ ਬੀ.1.617.2 ਹੈ ਜੋ ਭਾਰਤ ਵਿਚ ਪਾਇਆ ਗਿਆ ਸੀ। ਪ੍ਰੀਖਣ ਵਿਚ ਇਸ ਬੀ.1.617.2 ਨੂੰ ਸਿੰਗਾਪੁਰ ਵਿਚ ਵਾਇਰਸ ਦੇ ਕਈ ਕਲਸਟਰਾਂ ਦੇ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ।
ਸਿੰਗਾਪੁਰ ਦੇ ਪ੍ਰਸਿੱਧ ਬਲਾਗਰ ਐੱਮ. ਬ੍ਰਾਊਨ ਨੇ ਲਿਖਿਆ, ਦਿੱਲੀ ਦੇ ਮੁੱਖ ਮੰਤਰੀ ਬੀ.1.617 ਰੂਪ ਤੁਹਾਡੇ ਦੇਸ਼ ਵਿਚ ਆਇਆ ਹੈ। ਹੈਂਡਲ ਅੰਤਰਾਅਨੇਜਾ ਤੋਂ ਇਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਸਿੰਗਾਪੁਰ ਦੇ ਸਕੂਲ ਬੀ.1.617.2 ਦੀ ਵਜ੍ਹਾ ਨਾਲ ਬੰਦ ਹੈ, ਅਸਲ ਵਿਚ ਤੱਥਾਂ ਦੀ ਜਾਂਚ ਅਤੇ ਗਲਤ ਸੂਚਨਾ ਫੈਲਾਉਣ ਲਈ ਮੁਆਫੀ ਮੰਗੀ ਜਾਣੀ ਚਾਹੀਦੀ ਹੈ। ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਨੇਤਾਵਾਂ ਨੂੰ ਤੱਥਾਂ ‘ਤੇ ਟਿਕੇ ਰਹਿਣਾ ਚਾਹੀਦਾ ਹੈ। ਵਾਇਰਸ ਦਾ ਕੋਈ ਸਿੰਗਾਪੁਰੀ ਰੂਪ ਨਹੀਂ ਹੈ।





