ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੀਤੇ ਦਿਨੀਂ ‘ਕਾਕਰੋਚ ਜਨਤਾ ਪਾਰਟੀ’ (CJP) ਵੱਲੋਂ ਜੰਤਰ-ਮੰਤਰ ਤੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ ਦੌਰਾਨ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਪੇਪਰ ਲੀਕ ਅਤੇ ਸਿੱਖਿਆ ਪ੍ਰਣਾਲੀ ਵਿੱਚ ਫੈਲੇ ਭ੍ਰਿਸ਼ਟਾਚਾਰ ਖ਼ਿਲਾਫ਼ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਲਾਠੀਚਾਰਜ ਕਰਨਾ ਪਿਆ। ਇਸ ਪੂਰੀ ਘਟਨਾ ਤੋਂ ਬਾਅਦ ਬਾਲੀਵੁੱਡ ਅਤੇ ਮਨੋਰੰਜਨ ਜਗਤ ਦੀਆਂ ਕਈ ਵੱਡੀਆਂ ਸ਼ਖ਼ਸੀਅਤਾਂ ਵਿਦਿਆਰਥੀਆਂ ਦੇ ਸਮਰਥਨ ਵਿੱਚ ਅੱਗੇ ਆਈਆਂ ਹਨ ਅਤੇ ਪੁਲਿਸ ਕਰਵਾਈ ਦੀ ਕੜੀ ਨਿੰਦਾ ਕੀਤੀ ਹੈ।
ਪ੍ਰਦਰਸ਼ਨ ਦੌਰਾਨ ਭਾਰੀ ਹਿੰਸਾ
ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਦਿੱਤੀਆਂ ਗਈਆਂ ਚੇਤਾਵਨੀਆਂ ਅਤੇ ਕਾਨੂੰਨੀ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਸੰਸਦ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀ ਬੇਕਾਬੂ ਹੋ ਗਏ, ਜਿਸ ਨਾਲ ਹਿੰਸਾ ਭੜਕ ਗਈ। ਅੰਦੋਲਨਕਾਰੀਆਂ ਵੱਲੋਂ ਪੁਲਿਸ ‘ਤੇ ਪੱਥਰਬਾਜ਼ੀ ਕੀਤੀ ਗਈ, ਬੈਰੀਕੇਡ ਤੋੜੇ ਗਏ ਅਤੇ ਸਰਕਾਰੀ ਗੱਡੀਆਂ ਦੀ ਭੰਨਤੋੜ ਕੀਤੀ ਗਈ।
ਇਸ ਝੜਪ ਵਿੱਚ ਜਨਤਕ ਜਾਇਦਾਦ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਹਿੰਸਾ ਦੌਰਾਨ ਆਪਣੀ ਡਿਊਟੀ ਨਿਭਾ ਰਹੇ ਲਗਭਗ 118 ਪੁਲਿਸ ਮੁਲਾਜ਼ਮ ਅਤੇ 60 ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ। ਫਿਲਹਾਲ ਜ਼ਖ਼ਮੀ ਪੁਲਿਸ ਕਰਮਚਾਰੀਆਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।
ਵੀਰ ਦਾਸ ਅਤੇ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਪੋਸਟ
ਮਸ਼ਹੂਰ ਕਲਾਕਾਰ ਅਤੇ ਕਾਮੇਡੀਅਨ ਵੀਰ ਦਾਸ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਕਲਾਕਾਰਾਂ ਦੀ ਚੁੱਪੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਿਹੜੇ ਕਲਾਕਾਰ ਅਜਿਹੇ ਗੰਭੀਰ ਮੁੱਦਿਆਂ ‘ਤੇ ਚੁੱਪ ਰਹਿੰਦੇ ਹਨ, ਉਹ ਬਾਅਦ ਵਿੱਚ ਜਨਤਾ ਤੋਂ ਆਪਣੇ ਸ਼ੋਅ ਦੀਆਂ ਟਿਕਟਾਂ ਖਰੀਦਣ ਦੀ ਉਮੀਦ ਨਹੀਂ ਰੱਖ ਸਕਦੇ। ਭਾਰਤ ਵਿੱਚ ਲਾਈਵ ਕੰਸਰਟ ਦੀ ਆਰਥਿਕਤਾ ਦੇਸ਼ ਦੇ ਯੂਥ ਦੇ ਸਮਰਥਨ ‘ਤੇ ਹੀ ਟਿਕੀ ਹੋਈ ਹੈ।
ਦੂਜੇ ਪਾਸੇ, ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨਾਲ ਇਸ ਤਰ੍ਹਾਂ ਦਾ ਸਖ਼ਤ ਰਵੱਈਆ ਬਿਲਕੁਲ ਗਲਤ ਹੈ। ਦਿਲਜੀਤ ਨੇ ਖੁਲਾਸਾ ਕੀਤਾ ਕਿ 2020 ਦੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਤੋਂ ਬਾਅਦ ਉਨ੍ਹਾਂ ਨੂੰ ‘ਦੇਸ਼-ਵਿਰੋਧੀ’ ਤੱਕ ਕਿਹਾ ਗਿਆ ਅਤੇ ਕਈ ਕਾਨੂੰਨੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਪਰ ਇਸ ਦੇ ਬਾਵਜੂਦ ਉਹ ਅੱਜ ਵੀ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਸੁਣਨ ਲਈ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ।
ਹੁਮਾ ਕੁਰੈਸ਼ੀ, ਭੂਮੀ ਪੇਡਨੇਕਰ ਅਤੇ ਅਨੁਰਾਗ ਕਸ਼ਯਪ ਨੇ ਜਤਾਇਆ ਰੋਸ
ਅਦਾਕਾਰਾ ਹੁਮਾ ਕੁਰੈਸ਼ੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਦੀਆਂ ਤਸਵੀਰਾਂ ਬਹੁਤ ਦੁਖਦਾਈ ਹਨ। ਸਰਕਾਰ ਨੂੰ ਇਹ ਮਾਮਲਾ ਗੱਲਬਾਤ ਅਤੇ ਧੀਰਜ ਨਾਲ ਸੁਲਝਾਉਣਾ ਚਾਹੀਦਾ ਸੀ। ਉੱਥੇ ਹੀ ਭੂਮੀ ਪੇਡਨੇਕਰ ਨੇ ਲਿਖਿਆ ਕਿ “ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ” ਅਤੇ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਦੇ ਨੌਜਵਾਨਾਂ ਦੀ ਆਵਾਜ਼ ਸੁਣੇ।
ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਪੁਲਿਸ ਦੀ ਕਾਰਵਾਈ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸਵਾਲ ਕੀਤਾ ਕਿ ਕੀ ਪ੍ਰਸ਼ਾਸਨ ਵਿੱਚ ਕੋਈ ਅਜਿਹਾ ਇਨਸਾਨੀਅਤ ਵਾਲਾ ਅਧਿਕਾਰੀ ਨਹੀਂ ਹੈ ਜੋ ਗਲਤ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕੇ?
ਹੋਰ ਮਸ਼ਹੂਰ ਹਸਤੀਆਂ ਦਾ ਵੀ ਮਿਲਿਆ ਸਮਰਥਨ
ਸੋਨਾਕਸ਼ੀ ਸਿਨਹਾ ਨੇ 20 ਜੁਲਾਈ ਦੀ ਘਟਨਾ ਨੂੰ ਦੇਸ਼ ਦਾ ਦਿਲ ਤੋੜਨ ਵਾਲੀ ਘਟਨਾ ਦੱਸਿਆ।

ਅਦਿਤੀ ਰਾਵ ਹੈਦਰੀ ਨੇ ਲਿਖਿਆ ਕਿ “ਸਾਡੇ ਵਿਦਿਆਰਥੀ ਹੀ ਸਾਡਾ ਭਵਿੱਖ ਹਨ।”
ਰੀਤੇਸ਼ ਦੇਸ਼ਮੁਖ ਅਤੇ ਜੇਨੇਲੀਆ ਦੋਵਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਦੇਸ਼ ਦੇ ਯੂਥ ਅਤੇ ਵਿਦਿਆਰਥੀਆਂ ਨਾਲ ਖੜ੍ਹੇ ਹੋਣ ਦਾ ਐਲਾਨ ਕੀਤਾ।








