ਚੇਨਈ : ਤਾਮਿਲ ਸਿਨੇਮਾ ਦੇ ਸੁਪਰਸਟਾਰ ਤੋਂ ਸਿਆਸਤ ਦੇ ਸਿਖਰ ਤੱਕ ਦਾ ਵਿਜੇ ਥਲਾਪਤੀ ਦਾ ਸਫਰ ਕਿਸੇ ਫਿਲਮੀ ਸਕ੍ਰਿਪਟ ਤੋਂ ਘੱਟ ਨਹੀਂ ਰਿਹਾ। ਅੱਜ, 10 ਮਈ ਨੂੰ ਵਿਜੇ ਨੇ ਅਧਿਕਾਰਤ ਤੌਰ ‘ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਇਸ ਇਤਿਹਾਸਕ ਸਮਾਗਮ ਦੀਆਂ ਕੁਝ ਖਾਸ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜੋ ਇਸ ਦਿਨ ਦੀ ਮਹੱਤਤਾ ਨੂੰ ਬਿਆਨ ਕਰਦੀਆਂ ਹਨ।
ਪਹਿਲੇ ਸੰਬੋਧਨ ਵਿੱਚ ਵੱਡੇ ਐਲਾਨ
ਮੁੱਖ ਮੰਤਰੀ ਬਣਦਿਆਂ ਹੀ ਵਿਜੇ ਦਾ ‘ਜਨ ਨਾਇਕ’ ਵਾਲਾ ਅੰਦਾਜ਼ ਦੇਖਣ ਨੂੰ ਮਿਲਿਆ। ਆਪਣੀ ਪਾਰਟੀ (TVK) ਅਤੇ ਸੂਬੇ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਰਾਜਨੀਤੀ ਦਾ ਮੁੱਖ ਮਕਸਦ ਲੋਕ ਸੇਵਾ ਹੈ। ਆਪਣੇ ਪਹਿਲੇ ਵੱਡੇ ਫੈਸਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ 200 ਯੂਨਿਟ ਮੁਫਤ ਬਿਜਲੀ ਤੇ ਮਹਿਲਾ ਸੁਰੱਖਿਆ ਲਈ ਵਿਸ਼ੇਸ਼ ਫੋਰਸ ਦਾ ਗਠਨ ਕਰਨ ਦਾ ਐਲਾਨ ਕੀਤਾ, ਜਿਸ ਦਾ ਜਨਤਾ ਨੇ ਭਰਵਾਂ ਸਵਾਗਤ ਕੀਤਾ।
ਮਾਪਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਝੂ
ਇਸ ਖਾਸ ਮੌਕੇ ‘ਤੇ ਵਿਜੇ ਦੇ ਪਿਤਾ ਐਸ.ਏ. ਚੰਦਰਸ਼ੇਖਰ ਅਤੇ ਮਾਤਾ ਸ਼ੋਭਾ ਚੰਦਰਸ਼ੇਖਰ ਵੀ ਮੌਜੂਦ ਸਨ। ਆਪਣੇ ਬੇਟੇ ਨੂੰ ਰਾਜ ਦੀ ਸਰਵਉੱਚ ਕੁਰਸੀ ‘ਤੇ ਬਿਰਾਜਮਾਨ ਹੁੰਦੇ ਦੇਖ ਕੇ ਦੋਵੇਂ ਬੇਹੱਦ ਭਾਵੁਕ ਨਜ਼ਰ ਆਏ। ਮਾਂ ਸ਼ੋਭਾ ਦੀਆਂ ਅੱਖਾਂ ਵਿੱਚੋਂ ਵਹਿੰਦੇ ਖੁਸ਼ੀ ਦੇ ਅੰਝੂਆਂ ਨੇ ਉੱਥੇ ਮੌਜੂਦ ਹਰ ਸ਼ਖਸ ਦੇ ਦਿਲ ਨੂੰ ਛੂਹ ਲਿਆ। ਇਹ ਪਲ ਇੱਕ ਮਾਣਮੱਤੇ ਪਰਿਵਾਰਕ ਸਫ਼ਰ ਦੀ ਸਿਖਰ ਵਾਂਗ ਜਾਪ ਰਿਹਾ ਸੀ।
ਕਾਂਗਰਸ ਨਾਲ ਗਠਜੋੜ ਤੇ ਰਾਹੁਲ ਗਾਂਧੀ ਦੀ ਸ਼ਮੂਲੀਅਤ
ਇਸ ਸਹੁੰ ਚੁੱਕ ਸਮਾਗਮ ਦੀ ਇੱਕ ਹੋਰ ਖਾਸ ਗੱਲ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਮੌਜੂਦਗੀ ਰਹੀ। ਦੱਸਣਯੋਗ ਹੈ ਕਿ ਵਿਜੇ ਦੀ ਪਾਰਟੀ TVK ਨੇ ਕਾਂਗਰਸ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਹੈ। ਸਮਾਗਮ ਦੌਰਾਨ ਰਾਹੁਲ ਗਾਂਧੀ ਅਤੇ ਵਿਜੇ ਦੀ ਨੇੜਤਾ ਨੇ ਨਵੇਂ ਸਿਆਸੀ ਸਮੀਕਰਨਾਂ ਦੀ ਤਸਵੀਰ ਸਾਫ਼ ਕਰ ਦਿੱਤੀ। ਦੋਵੇਂ ਆਗੂ ਕਈ ਮੌਕਿਆਂ ‘ਤੇ ਇਕੱਠੇ ਨਜ਼ਰ ਆਏ ਅਤੇ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕਰਦੇ ਦਿਖੇ।
ਤ੍ਰਿਸ਼ਾ ਕ੍ਰਿਸ਼ਨਨ ਦਾ ਭਾਵੁਕ ਅੰਦਾਜ਼
ਵਿਜੇ ਦੀ ਕਰੀਬੀ ਦੋਸਤ ਅਤੇ ਮਸ਼ਹੂਰ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਵੀ ਇਸ ਸਮਾਗਮ ਦਾ ਹਿੱਸਾ ਬਣੀ। ਜਦੋਂ ਵਿਜੇ ਸਹੁੰ ਚੁੱਕ ਰਹੇ ਸਨ, ਤਾਂ ਤ੍ਰਿਸ਼ਾ ਦੀਆਂ ਅੱਖਾਂ ਨਮ ਸਨ। ਦੋਸਤ ਦੀ ਇਸ ਵੱਡੀ ਸਫਲਤਾ ‘ਤੇ ਉਨ੍ਹਾਂ ਦੇ ਚਿਹਰੇ ‘ਤੇ ਖੁਸ਼ੀ ਅਤੇ ਭਾਵੁਕਤਾ ਦਾ ਮਿਸ਼ਰਣ ਸਾਫ਼ ਦੇਖਿਆ ਜਾ ਸਕਦਾ ਸੀ। ਉਨ੍ਹਾਂ ਦੀਆਂ ਤਸਵੀਰਾਂ ਨੇ ਪ੍ਰਸ਼ੰਸਕਾਂ ਵਿੱਚ ਕਾਫੀ ਚਰਚਾ ਛੇੜ ਦਿੱਤੀ ਹੈ।



