ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਥੇ 13 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿੱਜੀ ਸਹਾਇਕ ਵਿਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਉੱਪ ਰਾਸ਼ਟਰਪਤੀ ਮਾਈਕ ਪੇਂਸ ਦੀ ਪੈ੍ਰਸ ਸੈਕਟਰੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਵਾਈਟ ਹਾਊਸ ਵਿਚ ਕੋਰੋਨਾ ਵਾਇਰਸ ਦਾ ਇਹ ਦੂਜਾ ਮਾਮਲਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਕੋਰੋਨਾ ਪਾਜ਼ੀਟਿਵ ਆਉਣ ਵਾਲੀ ਪ੍ਰੈਸ ਸੈਕਟਰੀ ਦਾ ਨਾਮ ਕੈਟੀ ਮਿਲਰ ਹੈ ਜੋ ਕਿ ਉੱਪ ਰਾਸ਼ਟਰਪਤੀ ਮਾਈਕ ਪੇਂਸ ਦੀ ਬੁਲਾਰੀ ਹੈ। ਉਸ ਦੇ ਕੋਰੋਨਾ ਪੀੜਤ ਹੋਣ ਮਗਰੋਂ ਟਰੰਪ ਨੇ ਕਿਹਾ ਹੈ ਕਿ ”ਕੇਟੀ ਅੱਜ ਅਚਾਨਕ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਹ ਉਨ੍ਹਾਂ ਦੇ ਸੰਪਰਕ ਵਿਚ ਨਹੀਂ ਰਹੇ ਪਰ ਉਹ ਉੱਪ ਰਾਸ਼ਟਰਪਤੀ ਦੇ ਸੰਪਰਕ ਵਿਚ ਰਹੀ ਹੈ ਜਿਸ ਕਰਕੇ ਮਾਈਕ ਪੇਂਸ ਦਾ ਕੋਰੋਨਾ ਟੈਸਟ ਹੋਇਆ ਹੈ ਜਿਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ”। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦਾ ਨਿੱਜੀ ਸਹਾਇਕ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਵਿਅਕਤੀ ਫ਼ੌਜ ਦੀ ਇਕ ਕੁਲੀਨ ਇਕਾਈ ਦਾ ਹਿੱਸਾ ਹੈ ਜੋ ਰਾਸ਼ਟਰਪਤੀ ਦੇ ਪਰਿਵਾਰ ਦੀ ਦੇਖਭਾਲ ਦਾ ਕੰਮ ਸੰਭਾਲਦੀ ਹੈ। ਇਹ ਇਕਾਈ ਅਕਸਰ ਰਾਸ਼ਟਰਪਤੀ ਤੇ ਉਸਦੇ ਪਰਿਵਾਰ ਦੇ ਬਹੁਤ ਨੇੜੇ ਰਹਿ ਕੇ ਕੰਮ ਕਰਦੀ ਹੈ। ਉਸਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਅਤੇ ਉੱਪ ਰਾਸ਼ਟਰਪਤੀ ਮਾਇਕ ਪੇਂਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਦੱਸ ਦਈਏ ਕਿ ਇਸ ਵੇਲੇ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 1,322,154 ਹੋ ਗਈ ਹੈ ਜਦਕਿ ਮ੍ਰਿਤਕਾਂ ਦਾ ਅੰਕੜਾ 78,616 ਤੱਕ ਪਹੁੰਚ ਗਿਆ ਹੈ।

