ਅੰਮ੍ਰਿਤਸਰ : ਸਰਹੱਦੀ ਵਿੱਚ ਇੱਕ ਮਾਮੂਲੀ ਜਿਹੀ ਗੱਲ ਨੇ ਵੱਡੀ ਲੜਾਈ ਦਾ ਰੂਪ ਧਾਰ ਲਿਆ। ਗਲੀ ਵਿੱਚ ਮੋਟਰਸਾਈਕਲ ਖੜ੍ਹਾ ਕਰਨ ਦੇ ਮਾਮਲੇ ਨੂੰ ਲੈ ਕੇ ਚਾਚੇ-ਤਾਏ ਦੇ ਮੁੰਡਿਆ ਵਿਚਕਾਰ ਹੋਈ ਤਕਰਾਰ ਇੰਨੀ ਵਧ ਗਈ ਕਿ ਗੱਲ ਕੁੱਟਮਾਰ ਤੱਕ ਪਹੁੰਚ ਗਈ। ਇਸ ਹਿੰਸਕ ਝਗੜੇ ਵਿੱਚ ਇੱਕੋ ਪਰਿਵਾਰ ਦੇ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੁਰਾਣੀ ਰੰਜਿਸ਼ ਬਣੀ ਹਿੰਸਾ ਦਾ ਕਾਰਨ
ਪੀੜਤ ਨੌਜਵਾਨ ਨੇ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਕਾਰ ਜ਼ਮੀਨ-ਜਾਇਦਾਦ ਦੇ ਲੈਣ-ਦੇਣ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਉਸ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਮੋਟਰਸਾਈਕਲ ਨੂੰ ਘਰ ਦੇ ਬਾਹਰ ਸਹੀ ਤਰੀਕੇ ਨਾਲ ਲਗਾਉਣ ਦੀ ਗੱਲ ਕਹੀ ਤਾਂ ਦੂਜੀ ਧਿਰ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਦੋਵਾਂ ਵੱਲੋਂ ਇੱਕ ਦੂਜੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਬਚਾਅ ਕਰਨ ਆਈ ਮਾਂ ਅਤੇ ਭਰਾ ਨੂੰ ਵੀ ਨਹੀਂ ਬਖ਼ਸ਼ਿਆ
ਝਗੜਾ ਇੰਨਾ ਵਧ ਗਿਆ ਕਿ ਜਦੋਂ ਨੌਜਵਾਨ ਦੀ ਮਾਂ ਆਪਣੇ ਪੁੱਤ ਨੂੰ ਛਡਾਉਣ ਲਈ ਅੱਗੇ ਆਈ ਤਾਂ ਉਹਨਾਂ ਨੇ ਉਸ ਨਾਲ ਵੀ ਬਦਸਲੂਕੀ ਕੀਤੀ ਅਤੇ ਧੱਕੇ ਮਾਰੇ। ਇਸੇ ਦੌਰਾਨ ਜਦੋਂ ਪੀੜਤ ਦਾ ਭਰਾ ਮੌਕੇ ‘ਤੇ ਪਹੁੰਚਿਆ ਤਾਂ ਉਸ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਵੀ ਜ਼ਖ਼ਮੀ ਹੋ ਗਿਆ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਝਗੜੇ ਦਾ ਕਾਰਨ ਮੋਟਰਸਾਈਕਲ ਪਾਰਕਿੰਗ ਨੂੰ ਦੱਸਿਆ। ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਮੁਤਾਬਕ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



