ਨਵੀਂ ਦਿੱਲੀ: ਜੇਕਰ ਤੁਸੀਂ ਕੋਰੋਨਾ ਰੋਕੂ ਟੀਕਾ ਲਗਵਾ ਲਿਆ ਹੈ ਤਾਂ ਵੀ ਲਾਪਰਵਾਹ ਹੋਣ ਦੀ ਲੋੜ ਨਹੀਂ ਹੈ, ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਦਫ਼ਤਰ, ਕੰਮ ਵਾਲੀ ਥਾਂ ਜਾਂ ਕਿਸੇ ਬੰਦ ਜਗ੍ਹਾ ’ਤੇ ਕਈ ਲੋਕਾਂ ਨਾਲ ਜ਼ਿਆਦਾ ਸਮੇਂ ਤਕ ਰਹਿੰਦੇ ਹੋ। ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ ਅਤੇ ਉਨ੍ਹਾਂ ਜ਼ਰੀਏ ਦੂਜਿਆਂ ਨੂੰ ਵੀ ਇਨਫੈਕਟਿਡ ਕਰ ਸਕਦਾ ਹੈ।
Also Read: ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ‘ਤੇ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦੇਣ ਦਾ ਐਲਾਨ
ਮੈਡੀਕਲ ਖੇਤਰ ਨਾਲ ਜੁੜੀ ਪੱਤ੍ਰਿਕਾ ਲੈਂਸੇਟ ਵਿਚ ਪ੍ਰਕਾਸ਼ਿਤ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਅਧਿਐਨ ਮੁਤਾਬਕ, ਵੈਕਸੀਨ ਨਾ ਲੈਣ ਵਾਲਿਆਂ ਦੇ ਮੁਕਾਬਲੇ ਵਿਚ ਟੀਕਾਕਰਨ ਵਾਲੇ ਲੋਕਾਂ ਨਾਲ ਇਨਫੈਕਸ਼ਨ ਫੈਲਣ ਦੀ ਦਰ ਘੱਟ ਰਹਿੰਦੀ ਹੈ ਅਤੇ ਉਨ੍ਹਾਂ ਦੀ ਬਿਮਾਰੀ ਗੰਭੀਰ ਵੀ ਨਹੀਂ ਹੁੰਦੀ। ਇਸ ਅਧਿਐਨ ਦੇ ਨਤੀਜਿਆਂ ਨਾਲ ਉਨ੍ਹਾਂ ਸਵਾਲਾਂ ਦੇ ਜਵਾਬ ਵੀ ਮਿਲ ਰਹੇ ਹਨ, ਜਿਹੜੇ ਟੀਕਾ ਲਗਵਾਉਣ ਅਤੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਦੇ ਇਨਫੈਕਟਿਡ ਹੋਣ ’ਤੇ ਉੱਠ ਰਹੇ ਹਨ। ਬ੍ਰਿਟੇਨ ਦੇ ਇੰਪੀਰੀਅਲ ਕਾਲਜ ਲੰਡਨ ਵੱਲੋਂ ਕਰਵਾਏ ਗਏ ਅਧਿਐਨ ਮੁਤਾਬਕ ਟੀਕਾ ਲਗਵਾਉਣ ਵਾਲੇ ਅਤੇ ਟੀਕਾ ਨਾ ਲਗਵਾਉਣ ਵਾਲਿਆਂ ਵਿਚ ਇਨਫੈਕਸ਼ਨ ਦੇ ਸਮੇਂ ਵਾਇਰਸ ਦੀ ਮਾਤਰਾ ਲਗਭਗ ਬਰਾਬਰ ਹੁੰਦੀ ਹੈ। ਪਰ ਟੀਕਾ ਲੈਣ ਵਾਲੇ ਵਿਅਕਤੀ ਵਿਚ ਇਨਫੈਕਸ਼ਨ ਤੇਜ਼ੀ ਨਾਲ ਘੱਟ ਹੁੰਦਾ ਹੈ ਅਤੇ ਉਹ ਛੇਤੀ ਠੀਕ ਹੋ ਜਾਂਦਾ ਹੈ। ਇਸ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਕਿੰਨਾ ਅਹਿਮ ਹੈ।
Also Read: ਪੰਜਾਬ ਪੁਲਿਸ ਤੋਂ ਬਾਅਦ ਹੁਣ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਸੂਚੀ
ਅਧਿਐਨ ਕਰਨ ਵਾਲੀ ਟੀਮ ਦੇ ਇੰਚਾਰਜ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਪ੍ਰੋਫੈਸਰ ਅਜੀਤ ਲਾਲਵਾਨੀ ਕਹਿੰਦੇ ਹਨ, ‘ਮਹਾਮਾਰੀ ਦੀ ਰੋਕਥਾਮ ਲਈ ਵੈਕਸੀਨ ਬਹੁਤ ਮਹੱਤਵਪੂਰਨ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਵੈਕਸੀਨ ਕੋਰੋਨਾ ਇਨਫੈਕਸ਼ਨ ਕਾਰਨ ਗੰਭੀਰ ਬਿਮਾਰੀ ਅਤੇ ਮੌਤਾਂ ਨੂੰ ਰੋਕਦੀ ਹੈ।’ ਹਾਲਾਂਕਿ, ਲਾਲਵਾਨੀ ਨੇ ਇਹ ਵੀ ਕਿਹਾ ਕਿ ਅਧਿਐਨ ਵਿਚ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਕੋਰੋਨਾ ਤੋਂ ਸੁਰੱਖਿਆ ਲਈ ਸਿਰਫ਼ ਵੈਕਸੀਨ ਹੀ ਲੋੜੀਂਦੀ ਨਹੀਂ ਹੈ। ਇਹ ਜ਼ਰੂਰੀ ਹੈ ਕਿ ਹਾਲੇ ਤਕ ਜਿਨ੍ਹਾਂ ਲੋਕਾਂ ਨੂੰ ਟੀਕਾ ਨਹੀਂ ਲੱਗਾ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਟੀਕਾ ਲਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਇਨਫੈਕਟਿਡ ਹੋਣ ਤੋਂ ਬਚਾਇਆ ਜਾ ਸਕੇ। ਜ਼ਿਆਦਾ ਤੋਂ ਜ਼ਿਆਦਾ ਟੀਕਾਕਰਨ ਨਾਲ ਇਨਫੈਕਸ਼ਨ ਦੇ ਫੈਲਣ ਦੀ ਦਰ ਘੱਟ ਹੋਵੇਗੀ ਅਤੇ ਉਸ ਦੀ ਰਫ਼ਤਾਰ ਵੀ ਹੌਲੀ ਪਵੇਗੀ।



