ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਸੰਯੁਕਤ ਰਾਜ ਅਮਰੀਕਾ ਅਤੇ ਵਿਸ਼ਵ ਸਿਹਤ ਸੰਗਠਨ ਦਰਮਿਆਨ ਤਣਾਅ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਦਰਅਸਲ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਇਕ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਗਲੇ 30 ਦਿਨਾਂ ਅੰਦਰ ਆਪਣੀਆਂ ਨੀਤੀਆਂ ਵਿਚ ਸੁਧਾਰ ਨਹੀਂ ਕਰਦਾ ਤਾਂ ਉਸ ਨੂੰ ਦਿੱਤਾ ਜਾਣ ਵਾਲਾ ਫੰਡ ਸਥਾਈ ਰੂਪ ਨਾਲ ਬੰਦ ਕਰ ਦਿੱਤਾ ਜਾਵੇਗਾ।
This is the letter sent to Dr. Tedros of the World Health Organization. It is self-explanatory! pic.twitter.com/pF2kzPUpDv
— Donald J. Trump (@realDonaldTrump) May 19, 2020
ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਟੇਡਰਾਸ ਏਡਨਾਮ ਨੂੰ ਭੇਜਿਆ ਇਕ ਪੱਤਰ ਆਪਣੇ ਟਵੀਟ ਉੱਤੇ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਅਮਰੀਕਾ ਦੁਆਰਾ WHO ਦੀ ਮੈਂਬਰਸ਼ੀਪ ਛੱਡਣ ਉੱਤੇ ਵਿਚਾਰ ਕਰਨ ਦੀ ਵੀ ਗੱਲ ਸ਼ਾਮਲ ਹੈ। ਟਰੰਪ ਨੇ WHO ਉੱਤੇ ਆਰੋਪ ਲਗਾਇਆ ਹੈ ਕਿ ਦਸੰਬਰ 2019 ਵਿਚ ਵੁਹਾਨ ਤੋਂ ਕੋਰੋਨਾ ਵਾਇਰਸ ਸਬੰਧੀ ਜੋ ਵੀ ਰਿਪੋਰਟਾਂ ਆਈਆਂ ਹਨ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਨੇ ਚੀਨ ਦੀ ਲਗਾਤਾਰ ਤਾਰੀਫ਼ ਕਰਨ ਉੱਤੇ ਵੀ ਵਿਸ਼ਵ ਸਿਹਤ ਸੰਗਠਨ ਦੀ ਨਿੰਦਿਆ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਕਿ WHO ਕੋਲ ਅੱਗੇ ਵੱਧਣ ਦਾ ਕੇਵਲ ਇਕ ਹੀ ਤਰੀਕਾ ਹੈ ਜੇਕਰ ਉਹ ਖੁਦ ਨੂੰ ਚੀਨ ਤੋਂ ਸੁਤੰਤਰ ਦਿਖਾਵੇ। ਟਰੰਪ ਨੇ WHO ਨੂੰ ਚੇਤਾਵਨੀ ਭਰੇ ਲਿਹਾਜੇ ਵਿਚ ਕਿਹਾ ਹੈ ਕਿ ਜੇਕਰ ਉਸ ਨੇ ਆਉਣ ਵਾਲੇ 30 ਦਿਨਾਂ ਵਿਚ ਕੋਈ ਵੱਡੇ ਸੁਧਾਰਾਂ ਲਈ ਵਚਨਬੱਧਤਾ ਨਹੀਂ ਦਿਖਾਈ ਤਾਂ ਅਮਰੀਕਾ ਆਪਣੇ ਦੇਸ਼ ਦੇ ਲੋਕਾਂ ਦੇ ਟੈਕਸ ਦਾ ਪੈਸਾ ਇਸ ਤਰ੍ਹਾ ਬਰਬਾਦ ਨਹੀਂ ਕਰੇਗਾ ਤੇ ਉਸ ਦੀ ਫੰਡਿੰਗ ਨੂੰ ਪੱਕੇ ਤੌਰ ਉੱਤੇ ਰੋਕ ਦਿੱਤਾ ਜਾਵੇਗਾ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਵਿਸ਼ਵ ਸਿਹਤ ਸੰਗਠਨ ਉੱਤੇ ਪਹਿਲਾਂ ਵੀ ਇਹ ਆਰੋਪ ਲਗਾ ਚੁੱਕੇ ਹਨ ਕਿ ਉਸ ਨੇ ਚੀਨ ਦੇ ਕਹਿਣ ਉੱਤੇ ਦੁਨੀਆ ਨੂੰ ਮਹਾਮਾਰੀ ਦੇ ਬਾਰੇ ਵਿਚ ਦੱਸਣ ‘ਚ ਦੇਰੀ ਕੀਤੀ ਹੈ ਅਤੇ ਗੰਭੀਰਤਾ ਨਾਲ ਨਹੀਂ ਲਿਆ। ਹਾਲਾਂਕਿ WHO ਅਜਿਹੇ ਆਰੋਪਾਂ ਨੂੰ ਸਿਰੇ ਤੋਂ ਖਾਰਜ਼ ਕਰ ਚੁੱਕਾ ਹੈ।
