ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਲਾਕਡਾਊਨ 4.0 ਦੌਰਾਨ ਦਿੱਲੀ ਸਰਕਾਰ ਨੇ ਕਈ ਤਰ੍ਹਾ ਦੀਆਂ ਢਿੱਲਾਂ ਦੇ ਦਿੱਤੀਆਂ ਹਨ ਪਰ ਢਿੱਲਾਂ ਦੇਣ ਤੋਂ ਬਾਅਦ ਕੋਰੋਨਾ ਦੇ ਕੇਸਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ ਜਿਸ ਨਾਲ ਮੁਸ਼ਕਿਲਾਂ ਹੋਰ ਵੀ ਵੱਧ ਸਕਦੀਆਂ ਹਨ। ਦਰਅਸਲ ਦਿੱਲੀ ਵਿਚ ਕੋਰੋਨਾ ਦੇ ਮਾਮਲੇ 10 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੇ ਹਨ। ਜਦਕਿ ਮਰਨ ਵਾਲਿਆਂ ਦੀ ਗਿਣਤੀ 160 ਤੋਂ ਵੀ ਜ਼ਿਆਦਾ ਹੋ ਗਈ ਹੈ।
ਜਾਣਕਾਰੀ ਅਨੁਸਾਰ ਅੱਜ ਦਿੱਲੀ ਸਰਕਾਰ ਨੇ ਜਿਹੜੇ ਅੰਕੜੇ ਪੇਸ਼ ਕੀਤੇ ਹਨ ਉਨ੍ਹਾਂ ਵਿਚ ਕੁੱਝ ਬਦਲਾਅ ਕੀਤਾ ਹੈ। ਪਹਿਲਾਂ ਦਿੱਲੀ ਸਰਕਾਰ ਹਰ ਦਿਨ ਆਪਣੇ ਮੈਡੀਕਲ ਬੁਲੇਟਿਨ ਵਿਚ 24 ਘੰਟਿਆਂ ਦੌਰਾਨ ਸਾਹਮਣੇ ਆਏ ਕੇਸਾਂ ਦੀ ਜਾਣਕਾਰੀ ਦਿੰਦੀ ਸੀ ਪਰ ਅੱਜ ਉਹ ਜਾਣਕਾਰੀ ਦੇਣ ਦੀ ਥਾਂ ਕੇਵਲ ਕੁੱਲ ਮਾਮਲਿਆਂ ਬਾਰੇ ਦੱਸਿਆ ਹੈ ਪਰ ਜੇਕਰ ਸੋਮਵਾਰ ਦੇ ਕੁੱਲ ਮਾਮਲੇ ਅਤੇ ਅੱਜ ਦੇ ਮਾਮਲੇ ਵੇਖੇ ਜਾਣ ਤਾਂ ਇਹ ਪਤਾ ਚੱਲਦਾ ਹੈ ਕਿ ਪਿਛਲੇ ਇਕ ਦਿਨ ਵਿਚ 500 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜੋ ਕਿ ਹੁਣ ਤੱਕ ਦੇ 24 ਘੰਟਿਆਂ ਦੌਰਾਨ ਆਏ ਸੱਭ ਤੋਂ ਵੱਧ ਕੇਸ ਹਨ ਅਤੇ 6 ਕੋਰੋਨਾ ਪੀੜਤਾਂ ਨੇ ਦਮ ਵੀ ਤੋੜਿਆ ਹੈ ਜਿਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 10,554 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 166 ਤੱਕ ਪਹੁੰਚ ਗਿਆ ਹੈ। ਦਿੱਲੀ ਵਿਚ 4750 ਮਰੀਜ਼ ਕੋਰੋਨਾ ਨਾਲ ਜੰਗ ਲੜ ਕੇ ਬਿਲਕੁੱਲ ਸਿਹਤਯਾਬ ਹੋ ਚੁੱਕੇ ਹਨ ਜਦਕਿ 5638 ਮਰੀਜ਼ ਇਲਾਜ ਅਧੀਨ ਹਨ।
Delhi: People arrive at wholesale fruit and vegetable market in Ghazipur, to make purchases amid the #CoronavirusPandemic. pic.twitter.com/NdxsxebBEm
— ANI (@ANI) May 19, 2020
ਦੱਸ ਦਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਈ ਤਰ੍ਹਾ ਦੀਆਂ ਰਿਆਇਤਾਂ ਦੇ ਦਿੱਤੀਆਂ ਹਨ। ਕੇਜਰੀਵਾਲ ਨੇ ਟਰਾਂਸਪੋਰਟ ਸੇਵਾਵਾਂ ਤੋਂ ਇਲਾਵਾ ਸਾਰੇ ਤਰ੍ਹਾਂ ਦੇ ਬਜ਼ਾਰ ਖੋਲ੍ਹਣ ਲਈ ਕਹਿ ਦਿੱਤਾ ਹੈ ਹਾਲਾਂਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਬੱਸਾਂ ਵਿਚ 20, ਈ-ਰਿਕਸ਼ਾ, ਆਟੋ ਰਿਕਸ਼ਾ ਵਿਚ ਇਕ ਅਤੇ ਟੈਕਸੀ ਵਿਚ 2 ਸਵਾਰੀਆਂ ਬੈਠਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮਾਰਕਿੰਟ ਕੰਪਲੈਕਸ ਅਤੇ ਦੁਕਾਨਾਂ ਆਡ-ਈਵਨ ਦੇ ਤਹਿਤ ਹੀ ਖੱਲ੍ਹਣਗੀਆਂ। ਇਨ੍ਹਾਂ ਢਿੱਲਾਂ ਤੋਂ ਬਾਅਦ ਅੱਜ ਦਿੱਲੀ ਦੀਆਂ ਸੜਕਾਂ ਉੱਤੇ ਚਹਿਲ-ਪਹਿਲ ਨਜ਼ਰ ਆਈ ਹੈ। ਲੋਕਾਂ ਦੀ ਜ਼ਿੰਦਗੀ ਮੁੜ ਤੋਂ ਪਟੜੀ ਉੱਤੇ ਵਾਪਸ ਆਉਂਦੀ ਵਿਖਾਈ ਦਿੱਤੀ ਹੈ।
