ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਨੇ ਸੱਭ ਤੋਂ ਜਿਆਦਾ ਤਬਾਹੀ ਸੰਯੁਕਤ ਰਾਜ ਅਮਰੀਕਾ ਵਿਚ ਮਚਾਈ ਹੋਈ ਹੈ। ਉੱਥੇ 8 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ ਜਦਿਕ 45 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਵਿਚ ਇਮੀਗ੍ਰੇਸ਼ਨ ਨੂੰ ਅਸਥਾਈ ਰੂਪ ਨਾਲ ਮੁਅੱਤਲ ਕਰਨ ਦੇ ਆਪਣੇ ਕਾਰਜਾਕਾਰੀ ਹੁਕਮ ਦੇ ਤੌਰ ‘ਤੇ ਅਗਲੇ 60 ਦਿਨ ਲਈ ਕੋਈ ਨਵਾਂ ਗ੍ਰੀਨ ਕਾਰਡ ਜਾਂ ਪੀਆਰ ਜਾਰੀ ਕਰਨ ਦੀ ਪ੍ਰਕਿਰਿਆ ਉੱਤੇ ਰੌਕ ਲਗਾ ਦਿੱਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਇਸ ਫੈਸਲੇ ਦਾ ਉਨ੍ਹਾਂ ਲੋਕਾਂ ਉੱਤੇ ਕੋਈ ਅਸਰ ਨਹੀਂ ਹੋਵੇਗਾ ਜੋ ਅਸਥਾਈ ਤੌਰ ਉੱਤੇ ਦੇਸ਼ ਵਿਚ ਆ ਰਹੇ ਹਨ। ਹਾਲਾਂਕਿ ਇਸ ਕਾਰਜਕਾਰੀ ਫੈਸਲੇ ਦਾ ਉਨ੍ਹਾਂ ਹਜ਼ਾਰਾਂ ਭਾਰਤੀ-ਅਮਰੀਕਨਾਂ ਉੱਤੇ ਅਸਰ ਜਰੂਰ ਹੋਵੇਗਾ ਜੋ ਗ੍ਰੀਨ ਕਾਰਡ ਮਿਲਣ ਦੇ ਇੰਤਜਾਰ ਵਿਚ ਸਨ। ਹੁਣ ਇਸ ਪ੍ਰੀਕਿਰਆਂ ਵਿਚ ਦੇਰੀ ਹੋਣ ਦੀ ਸੰਭਾਵਨਾ ਹੈ। ਡੋਨਾਲਡ ਟਰੰਪ ਨੇ ਵਾਇਟ ਹਾਊਸ ਵਿਚ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ”ਸਾਨੂੰ ਪਹਿਲਾਂ ਅਮਰੀਕੀ ਲੋਕਾਂ ਦਾ ਖਿਆਲ ਰੱਖਣਾ ਹੈ। ਇਹ ਹੁਕਮ 60 ਦਿਨਾਂ ਦੇ ਲਈ ਲਾਗੂ ਹੋਵੇਗਾ ਜਿਸ ਤੋਂ ਬਾਅਦ ਕਿਸੇ ਤਰ੍ਹਾਂ ਦੇ ਵਿਸਥਾਰ ਜਾਂ ਤਬਦੀਲੀ ਲਈ ਜਰੂਰਤ ਉੱਤੇ ਮੈ ਖੁਦ ਅਤੇ ਲੋਕਾਂ ਦਾ ਇਕ ਸਮੂਹ ਉਸ ਸਮੇਂ ਦੀ ਆਰਥਿਕ ਸਥਿਤੀਆਂ ਦੇ ਅਧਾਰ ਉੱਤੇ ਮੁਲਾਂਕਣ ਕਰੇਗਾ”। ਉਨ੍ਹਾਂ ਨੇ ਕਿਹਾ ਕਿ ਇਹ ਹੁਕਮ ਉਨ੍ਹਾਂ ਉੱਤੇ ਲਾਗੂ ਹੋਵੇਗਾ ਜੋ ਸਥਾਈ ਨਿਵਾਸ(ਪੀਆਰ) ਦੀ ਆਗਿਆ ਮੰਗ ਰਹੇ ਹਨ ਭਾਵ ਗ੍ਰੀਨ ਕਾਰਡ ਦੀ ਮੰਗ ਕਰ ਰਹੇ ਹਨ।ਟਰੰਪ ਅਨੁਸਾਰ ”ਇਹ ਸਾਡਾ ਫਰਜ਼ ਬਣਦਾ ਹੈ ਕਿ ਬੇਰੁਜ਼ਗਾਰ ਅਮਰੀਕੀ ਆਪਣੀ ਨੌਕਰੀ ਅਤੇ ਰੋਜ਼ੀ-ਰੋਟੀ ਦੁਬਾਰਾ ਪ੍ਰਾਪਤ ਕਰਨ। ਇਸ ਲਈ ਅਮਰੀਕੀ ਕਾਮਿਆਂ ਦੀ ਰੱਖਿਆ ਕਰਨ ਲਈ ਮੈ ਅਮਰੀਕਾ ਵਿਚ ਇਮੀਗ੍ਰੇਸ਼ਨ ਉੱਤੇ ਰੌਕ ਲਗਾ ਰਿਹਾ ਹਾਂ”। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਲਾਤਾਂ ਕਰਕੇ 2 ਕਰੋੜ ਤੋਂ ਵੱਧ ਅਮਰੀਕੀਆਂ ਨੇ ਬੇਰੁਜ਼ਗਾਰ ਭੱਤੇ ਦੇ ਲਈ ਅਪਲਾਈ ਕੀਤਾ ਹੈ ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ।

