ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਦੇ ਖੇਤਰ ਦੀ ਵੱਡੀ ਅਮਰੀਕੀ ਕੰਪਨੀ ਫੇਸਬੁੱਕ ਨੇ ਅੱਜ ਬੁੱਧਵਾਰ ਨੂੰ ਭਾਰਤ ਦੇ ਸੱਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਇੰਡਸਟਰੀ ਗਰੁੱਪ ਦੀ ਕੰਪਨੀ ਜੀਓ ਪਟੇਟਫਾਰਮ ਵਿਚ ਲਗਭਗ 10 ਫ਼ੀਸਦੀ ਹਿੱਸੇਦਾਰੀ ਖਰੀਦਣ ਲਈ 43,574 ਕਰੋੜ ਰੁਪਏ ਦੇ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।
ਰਿਲਾਇੰਸ ਨੇ ਆਪਣਾ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ”ਅੱਜ ਅਸੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਜੀਓ ਪਲੇਟਫਾਰਮ ਵਿਚ ਫੇਸਬੁੱਕ ਦੇ 5.7 ਅਰਬ ਅਮਰੀਕੀ ਡਾਲਰ(43,574 ਕਰੋੜ ਰੁਪਏ) ਨਿਵੇਸ਼ ਕਰਨ ਦਾ ਐਲਾਨ ਕਰ ਰਹੇ ਹਾਂ ਜਿਸ ਨਾਲ ਫੇਸਬੁੱਕ ਇਸ ਦਾ ਸੱਭ ਤੋਂ ਵੱਡਾ ਸ਼ੇਅਰ ਧਾਰਕ ਬਣ ਜਾਵੇਗਾ”। ਰਿਲਾਇੰਸ ਨੇ ਦੱਸਿਆ ਕਿ ਫੇਸਬੁੱਕ ਦੇ ਨਿਵੇਸ਼ ਨਾਲ ਜੀਓ ਪਲੇਟਫਾਰਮ ਦੀ ਕੀਮਤ 4.62 ਲੱਖ ਕਰੋੜ ਰੁਪਏ ਆਂਕੀ ਗਈ ਹੈ। ਜੀਓ ਪਲੇਟਫਾਰਮ ਵਿਚ ਫੇਸਬੁੱਕ ਦੇ ਹਿੱਸੇਦਾਰੀ 9.99 ਫੀਸਦੀ ਹੋਵੇਗੀ। ਜੀਓ ਪਲੇਟਫਾਰਮ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ ਜੋ ਕਿ ਡਿਜੀਟਲ ਸੇਵਾਵਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦੀ ਹੈ। ਇਸ ਦੇ ਗ੍ਰਾਹਕਾਂ ਦੀ ਗਿਣਤੀ 38.8 ਕਰੋੜ ਤੋਂ ਵੀ ਵੱਧ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਿਲਾਇੰਸ ਇੰਡਸਟਰੀਜ਼ ਗਰੁੱਪ ਨੇ ਆਪਣੇ ਕਰਜ਼ ਦੇ ਬੋਝ ਨੂੰ ਘੱਟ ਕਰਨ ਲਈ ਇਹ ਸੌਦਾ ਕੀਤਾ ਹੈ। ਇਸ ਨਾਲ ਕੰਪਨੀ ਦਾ ਕਰਜ਼ ਤਾਂ ਘਟੇਗਾ ਹੀ ਨਾਲ ਹੀ ਫੇਸਬੁੱਕ ਦੀ ਭਾਰਤ ਵਿਚ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ। ਉੱਥੇ ਹੀ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਸਮਝੌਤੇ ਤੋਂ ਬਾਅਦ ਕਿਹਾ ਹੈ ਕਿ ਮੈ ਮੁਕੇਸ਼ ਅੰਬਾਨੀ ਅਤੇ ਪੂਰੀ ਜੀਓ ਦੀ ਟੀਮ ਨੂੰ ਉਨ੍ਹਾਂ ਦੀ ਭਾਈਵਾਲੀ ਲਈ ਧੰਨਵਾਦ ਦਿੰਦਾ ਹਾਂ । ਮੈ ਇਸ ਸਮਝੌਤੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ।

